ਕਿਸਾਨ ਆਗੂ ਅਮਨਾ ਪੰਡੋਰੀ ਕਤਲ ਮਾਮਲੇ ’ਚ ਵੱਡੀ ਕਾਰਵਾਈ
ਰਾਏਕੋਟ ’ਚ ਕਿਸਾਨ ਆਗੂ ਅਮਨਾ ਪੰਡੋਰੀ ਕਤਲ ਮਾਮਲੇ ’ਚ ਵੱਡੀ ਕਾਰਵਾਈ
Publish Date: Mon, 19 Jan 2026 08:29 PM (IST)
Updated Date: Tue, 20 Jan 2026 04:18 AM (IST)

-14 ਮਹੀਨੇ ਬਾਅਦ ਭਗੌੜੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਰਾਏਕੋਟ : ਸਥਾਨਕ ਸ਼ਹਿਰ ’ਚ 2024 ਦੀ ਦੀਵਾਲੀ ਵਾਲੀ ਰਾਤ ਨੂੰ ਹੋਏ ਕਤਲ ਕੇਸ ਵਿਚ ਮੁੱਖ ਮੁਜਰਮ ਨੂੰ ਰਾਏਕੋਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਜਸ਼ਨ ਪੁੱਤਰ ਚਮਕੌਰ ਸਿੰਘ ਜੋ ਦਸ਼ਮੇਸ ਨਗਰ ਰਾਏਕੋਟ ਦਾ ਰਹਿਣ ਵਾਲਾ ਹੈ ਤੇ ਕਤਲ ਵਾਲੇ ਦਿਨ ਤੋਂ ਹੀ ਫ਼ਰਾਰ ਚੱਲਿਆ ਆ ਰਿਹਾ ਸੀ। ਰਾਏਕੋਟ ਥਾਣਾ ਸਿਟੀ ਦੇ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਮਿਲਣ ’ਤੇ ਟੀਮ ਨੇ ਛਾਪੇਮਾਰੀ ਕੀਤੀ ਅਤੇ ਮੁੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਸ ਗ੍ਰਿਫ਼ਤਾਰੀ ਨੂੰ ਵੱਡੀ ਸਫਲਤਾ ਦੱਸਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਰੱਖੀ ਹੋਈ ਹੈ। 31 ਅਕਤੂਬਰ 2024 ਨੂੰ ਦੀਵਾਲੀ ਦੀ ਰਾਤ ਨੂੰ ਰਾਏਕੋਟ ਵਿਖੇ ਡਕੌਂਦਾ ਕਿਸਾਨ ਜਥੇਬੰਦੀ ਦੇ ਦਫ਼ਤਰ ਵਿੱਚ ਕਿਸਾਨ ਆਗੂ ਦਾਨਵੀਰ ਸਿੰਘ ਚੀਨਾ ਉਰਫ਼ ਡੀਸੀ ਨੂਰਪੁਰਾ ਨੇ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਨੂੰ ਲੜਾਈ ਲਈ ਚੁਣੌਤੀ ਦਿੱਤੀ। ਗੁੱਸੇ ਵਿੱਚ ਆ ਕੇ ਡੀਸੀ ਨੇ ਅਮਨਾ ’ਤੇ ਦੋ ਗੋਲੀਆਂ ਚਲਾਈਆਂ। ਪਹਿਲੀ ਗੋਲੀ ਖੁੰਝ ਗਈ ਪਰ ਦੂਜੀ ਗੋਲੀ ਸਿਰ ਵਿੱਚ ਲੱਗਣ ਕਾਰਨ ਅਮਨਾ ਮੌਕੇ ’ਤੇ ਹੀ ਜਾਨ ਗੁਆ ਬੈਠਾ। ਪੀੜਤ ਦੇ ਭਰਾ ਹਰਦੀਪ ਸਿੰਘ ਪੰਡੋਰੀ ਦੇ ਬਿਆਨ ਮੁਤਾਬਕ ਜੱਸੀ ਢੱਟ ਨੇ ਡੀਸੀ ਨੂੰ ਭੜਕਾਇਆ ਅਤੇ ਉਕਸਾਇਆ, ਜਿਸ ਤੋਂ ਬਾਅਦ ਘਾਤਕ ਗੋਲੀ ਚਲਾਈ ਗਈ। ਸ਼ੁਰੂ ਚ ਪੁਲਿਸ ਨੇ ਡੀਸੀ ਨੂਰਪੁਰਾ ਅਤੇ ਜੱਸੀ ਢੱਟ ਸਮੇਤ ਕੁੱਲ ਨੌ ਮੁਲਜ਼ਮਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਸੀ। ਕੁਝ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ ਪਰ ਪੁਲਿਸ ਦੀ ਲਾਪਰਵਾਹੀ ਕਾਰਨ ਇੱਕ ਨੂੰ ਜ਼ਮਾਨਤ ਵੀ ਮਿਲ ਗਈ ਸੀ। ਇਹ ਸਾਰਾ ਝਗੜਾ ਅਮਨਾ ਪੰਡੋਰੀ ਦੇ ਤਲਵੰਡੀ ਰਾਏ ਪਿੰਡ ਦੀ ਰਹਿਣ ਵਾਲੀ ਗਗਨਦੀਪ ਕੌਰ ਨਾਲ ਪ੍ਰੇਮ ਵਿਆਹ ਤੋਂ ਸ਼ੁਰੂ ਹੋਇਆ ਸੀ। ਡੀਸੀ ਨੂਰਪੁਰਾ ਨੇ ਇਸ ਵਿਆਹ ਵਿੱਚ ਮਦਦ ਕੀਤੀ ਸੀ ਪਰ ਬਾਅਦ ਵਿੱਚ ਉਹੀ ਵਿਅਕਤੀ ਅਮਨਾ ਵਿੱਧ ਵਿਰੋਧੀ ਹੋ ਗਿਆ। ਉਸ ਨੇ ਜਾਤ ਛੁਪਾਉਣ ਦੇ ਦੋਸ਼ ਲਾਏ ਅਤੇ ਵਿਆਹ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਸ ਕਾਰਨ ਵਿਵਾਦ ਵਧਦਾ ਗਿਆ ਤੇ ਅੰਤ ਵਿੱਚ ਇਹ ਖੂਨੀ ਘਟਨਾ ਵਾਪਰ ਗਈ।