ਸੁਹਾਨੀ ਨੇ ਹੋਰ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਮਨ ਵਿੱਚ ਪੱਕਾ ਇਰਾਦਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਉਸ ਨੇ ਕਿਹਾ ਕਿ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਇਕਾਗਰਤਾ ਨਾਲ ਪੜ੍ਹਾਈ ਕਰਨ ਨਾਲ ਵਧੀਆ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।

ਰਵੀ, ਪੰਜਾਬੀ ਜਾਗਰਣ, ਲੁਧਿਆਣਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਲੁਧਿਆਣਾ ਦੀ ਹੋਣਹਾਰ ਵਿਦਿਆਰਥਣ ਸੁਹਾਨੀ ਚੌਹਾਨ ਨੇ ਪੰਜਾਬ ਭਰ ਵਿੱਚ ਦੂਜਾ ਸਥਾਨ ਹਾਸਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਅਤੇ ਸਕੂਲ ਦਾ, ਸਗੋਂ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਖੁਦ ਦੀ ਮਿਹਨਤ ਨਾਲ ਪ੍ਰਾਪਤ ਕੀਤੇ 500 ਵਿੱਚੋਂ 500 ਅੰਕ
ਬੀਸੀਐਮ ਸੀਨੀਅਰ ਸੈਕੈਂਡਰੀ ਸਕੂਲ ਫੋਕਲ ਪੁਆਇੰਟ ਦੀ ਵਿਦਿਆਰਥਣ ਸੁਹਾਨੀ ਨੇ ਆਰਟਸ ਸਟਰੀਮ ਵਿੱਚ 500 ਵਿੱਚੋਂ ਪੂਰੇ 500 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਵੇਂ ਕਿ ਨਤੀਜੇ ਵਾਲੇ ਦਿਨ ਸੁਹਾਨੀ ਖੁਦ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਉੱਤਰ ਪ੍ਰਦੇਸ਼ ਗਈ ਹੋਈ ਹੈ ਪਰ ਜਿਵੇਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ ਤਾਂ ਉਸ ਦੇ ਸਕੂਲ ਪ੍ਰਬੰਧਕਾਂ ਵੱਲੋਂ ਵੱਡੀ ਸਕਰੀਨ ਤੇ ਉਸ ਨਾਲ ਵੀਡੀਓ ਕਾਲ ਤੇ ਗੱਲ ਕਰਦੇ ਹੋਏ ਵਧਾਈ ਦਿੱਤੀ ਗਈ। ਆਪਣੇ ਨਤੀਜੇ ਦੀ ਜਾਣਕਾਰੀ ਮਿਲਦੇ ਹੀ ਸੁਹਾਨੀ ਭਾਵਕ ਹੋ ਗਈ।
ਸੁਹਾਨੀ ਦੀ ਇਸ ਕਾਮਯਾਬੀ ਨਾਲ ਉਸ ਦੇ ਘਰ ਤੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਸਹਿਯੋਗੀਆਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਗਈਆਂ। ਸੁਹਾਨੀ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਲਗਾਤਾਰ ਕੀਤੀ ਮਿਹਨਤ ਨੂੰ ਦਿੱਤਾ ਹੈ।
ਬਚਪਨ ਤੋਂ ਲੈ ਜੱਜ ਬਣਨ ਦੇ ਸੁਪਨੇ ਨੂੰ ਨਤੀਜੇ ਨੇ ਲਗਾਏ ਖੰਭ
ਸੁਹਾਨੀ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਜੱਜ ਬਣਨ ਦਾ ਹੈ। ਉਹ ਸਮਾਜ ਵਿੱਚ ਨਿਆਂ ਅਤੇ ਸੱਚਾਈ ਨੂੰ ਮਜ਼ਬੂਤ ਕਰਨ ਲਈ ਜੁਡੀਸ਼ਰੀ ਵਿੱਚ ਜਾਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਇਸ ਮੰਜ਼ਿਲ ਨੂੰ ਹਾਸਲ ਕਰਨ ਲਈ ਉਹ ਪਹਿਲਾਂ ਤੋਂ ਹੀ ਆਪਣੀ ਅਗਲੀ ਪੜ੍ਹਾਈ ਦੀ ਯੋਜਨਾ ਤਿਆਰ ਕਰ ਚੁੱਕੀ ਹੈ ਅਤੇ ਹੁਣ ਹੋਰ ਵੱਧ ਮਿਹਨਤ ਨਾਲ ਆਪਣੇ ਟੀਚੇ ਵੱਲ ਅੱਗੇ ਵਧੇਗੀ। ਉਸ ਨੇ ਕਿਹਾ ਕਿ ਸਫਲਤਾ ਹਾਸਲ ਕਰਨ ਲਈ ਸਮੇਂ ਦੀ ਕਦਰ ਅਤੇ ਨਿਯਮਿਤ ਪੜ੍ਹਾਈ ਬਹੁਤ ਜ਼ਰੂਰੀ ਹੈ।
ਖੁਦ ਦੀ ਮਿਹਨਤ ਨਾਲ ਹਾਸਲ ਕੀਤਾ ਵਧੀਆ ਨਤੀਜਾ
ਸੁਹਾਨੀ ਚੌਹਾਨ ਨੇ ਦੱਸਿਆ ਕਿ ਜਦੋਂ ਵੀ ਉਹ ਪੜ੍ਹਾਈ ਕਰਨ ਬੈਠਦੀ ਸੀ ਤਾਂ ਉਸ ਲਈ ਟੀਚਾ ਨਿਰਧਾਰਿਤ ਕਰ ਲੈਂਦੀ ਸੀ ਤੇ ਉਸ ਟੀਚੇ ਨੂੰ ਪੂਰਾ ਕਰਨ ਲਈ ਉਸ ਨੂੰ ਜਿੰਨਾ ਵੀ ਸਮਾਂ ਲੱਗਦਾ ਸੀ ਉਹ ਲਗਾਤਾਰ ਪੜ੍ਹਾਈ ਕਰਦੀ ਸੀ। ਇਸ ਦੌਰਾਨ ਉਹ ਆਪਣੇ ਛੇਵੀਂ ਵਿੱਚ ਪੜ੍ਹਦੇ ਛੋਟੇ ਭਰਾ ਸਨੀ ਚੌਹਾਨ ਨੂੰ ਵੀ ਪੜ੍ਹਾਈ ਵਿੱਚ ਮਦਦ ਕਰਦੀ ਸੀ।
ਸੁਹਾਨੀ ਦੇ ਪਿਤਾ ਐਚ ਆਰ ਮੈਨੇਜਰ ਅਤੇ ਮਾਤਾ ਹੈ ਗ੍ਰਿਹਣੀ
ਸੁਹਾਨੀ ਦੇ ਪਿਤਾ ਲਲਿਤ ਚੌਹਾਨ ਹਿਮਾਚਲ ਵੂਲਨ ਮਿੱਲ ਵਿੱਚ ਐਚ ਆਰ ਮੈਨੇਜਰ ਵਜੋਂ ਸੇਵਾ ਨਿਭਾ ਰਹੇ ਹਨ, ਜਦਕਿ ਉਸ ਦੀ ਮਾਤਾ ਪੂਜਾ ਚੌਹਾਨ ਗ੍ਰਿਹਣੀ ਹਨ।
ਪੜਾਈ ਵਿੱਚ ਸ਼ੁਰੂ ਤੋਂ ਹੀ ਰਹੀ ਹੋਣਹਾਰ
ਸੁਹਾਨੀ ਦੇ ਪਿਤਾ ਲਲਿਤ ਚੌਹਾਨ ਨੇ ਦੱਸਿਆ ਕਿ ਸੁਹਾਨੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਰਹੀ ਹੈ ਅਤੇ ਹਰ ਕਲਾਸ ਵਿੱਚ ਵਧੀਆ ਨਤੀਜੇ ਲਿਆਉਂਦੀ ਆ ਰਹੀ ਹੈ। ਇਸ ਤੋਂ ਪਹਿਲਾਂ 10ਵੀਂ ਜਮਾਤ ਵਿੱਚ ਵੀ ਉਸ ਨੇ 100 ਫੀਸਦੀ ਅੰਕ ਹਾਸਲ ਕੀਤੇ ਸਨ, ਪਰ ਉਮਰ ਘੱਟ ਹੋਣ ਕਾਰਨ ਉਸ ਨੂੰ ਤੀਜਾ ਸਥਾਨ ਮਿਲਿਆ ਸੀ।
ਉਧਰ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਸੁਹਾਨੀ ਬਹੁਤ ਅਨੁਸ਼ਾਸਿਤ ਅਤੇ ਮਿਹਨਤੀ ਵਿਦਿਆਰਥਣ ਹੈ। ਉਹ ਸਕੂਲ ਦੀਆਂ ਗਤੀਵਿਧੀਆਂ ਵਿੱਚ ਵੀ ਸਰਗਰਮ ਰਹਿੰਦੀ ਸੀ ਅਤੇ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਲਗਨ ਰੱਖਦੀ ਸੀ। ਅਧਿਆਪਕਾਂ ਮੁਤਾਬਕ ਉਸ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ।
ਸੁਹਾਨੀ ਨੇ ਹੋਰ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਮਨ ਵਿੱਚ ਪੱਕਾ ਇਰਾਦਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਉਸ ਨੇ ਕਿਹਾ ਕਿ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਇਕਾਗਰਤਾ ਨਾਲ ਪੜ੍ਹਾਈ ਕਰਨ ਨਾਲ ਵਧੀਆ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।
ਲੁਧਿਆਣਾ ਦੀ ਇਸ ਧੀ ਦੀ ਕਾਮਯਾਬੀ ਨਾਲ ਪੂਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।