ਸੜਕ ਹਾਦਸਿਆਂ ਤੋਂ ਬਾਅਦ ਹੁਣ ਕਤਲ ਦੇ ਮਾਮਲਿਆਂ ਵਿੱਚ ਵੀ ਸ਼ਹਿਰ ਦਾ ਰਿਕਾਰਡ ਚਿੰਤਾਜਨਕ ਬਣ ਗਿਆ ਹੈ। ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ (ਐੱਨਸੀਆਰਬੀ) ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2024 ਦੌਰਾਨ ਕਤਲ ਦੇ ਮਾਮਲਿਆਂ ਵਿੱਚ ਲੁਧਿਆਣਾ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ।

ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ, ਲੁਧਿਆਣਾ: ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿੱਚ ਵਧ ਰਹੇ ਹਿੰਸਕ ਅਪਰਾਧ ਹੁਣ ਕਾਨੂੰਨ-ਵਿਵਸਥਾ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ। ਸੜਕ ਹਾਦਸਿਆਂ ਤੋਂ ਬਾਅਦ ਹੁਣ ਕਤਲ ਦੇ ਮਾਮਲਿਆਂ ਵਿੱਚ ਵੀ ਸ਼ਹਿਰ ਦਾ ਰਿਕਾਰਡ ਚਿੰਤਾਜਨਕ ਬਣ ਗਿਆ ਹੈ। ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ (ਐੱਨਸੀਆਰਬੀ) ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2024 ਦੌਰਾਨ ਕਤਲ ਦੇ ਮਾਮਲਿਆਂ ਵਿੱਚ ਲੁਧਿਆਣਾ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ।
ਐੱਨਸੀਆਰਬੀ ਵੱਲੋਂ ਦੇਸ਼ ਦੇ 34 ਵੱਡੇ ਸ਼ਹਿਰਾਂ ਦੇ ਅਪਰਾਧ ਅੰਕੜਿਆਂ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਕਿ 2024 ਦੌਰਾਨ ਲੁਧਿਆਣਾ ਵਿੱਚ ਕਤਲ ਦੇ 56 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚ 58 ਲੋਕਾਂ ਦੀ ਜਾਨ ਗਈ। ਮ੍ਰਿਤਕਾਂ ਵਿੱਚ 44 ਪੁਰਸ਼ ਅਤੇ 14 ਔਰਤਾਂ ਸ਼ਾਮਲ ਹਨ। ਇਸ ਸੂਚੀ ਵਿੱਚ ਫਰੀਦਾਬਾਦ 79 ਮਾਮਲਿਆਂ ਨਾਲ ਪਹਿਲੇ ਅਤੇ ਆਗਰਾ 53 ਮਾਮਲਿਆਂ ਨਾਲ ਤੀਜੇ ਨੰਬਰ ’ਤੇ ਰਿਹਾ।
ਰਿਪੋਰਟ ਅਨੁਸਾਰ 2022 ਵਿੱਚ ਲੁਧਿਆਣਾ ਵਿੱਚ 58 ਕਤਲ ਦੇ ਮਾਮਲੇ ਦਰਜ ਹੋਏ ਸਨ, ਜਦਕਿ 2023 ਅਤੇ 2024 ਵਿੱਚ ਇਹ ਗਿਣਤੀ 56 ’ਤੇ ਸਥਿਰ ਰਹੀ। ਭਾਵੇਂ ਅੰਕੜਿਆਂ ਵਿੱਚ ਹਲਕੀ ਕਮੀ ਦਰਜ ਕੀਤੀ ਗਈ ਹੈ, ਪਰ ਲਗਾਤਾਰ ਉੱਚ ਪੱਧਰ ਸ਼ਹਿਰ ਵਿੱਚ ਵਧ ਰਹੀ ਹਿੰਸਕ ਪ੍ਰਵਿਰਤੀ ਵੱਲ ਇਸ਼ਾਰਾ ਕਰਦਾ ਹੈ।
ਰਿਪੋਰਟ ਵਿੱਚ ਕਤਲਾਂ ਦੇ ਕਾਰਨਾਂ ਨੂੰ ਲੈ ਕੇ ਵੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਸਭ ਤੋਂ ਵੱਧ ਕਤਲ ਪੁਰਾਣੀ ਰੰਜਿਸ਼ ਅਤੇ ਮਾਮੂਲੀ ਝਗੜਿਆਂ ਕਾਰਨ ਹੋਏ। 19 ਮਾਮਲੇ ਛੋਟੇ ਝਗੜਿਆਂ ਨਾਲ ਜੁੜੇ ਰਹੇ, ਜਦਕਿ 14 ਕਤਲ ਪੁਰਾਣੀ ਦੁਸ਼ਮਣੀ ਕਾਰਨ ਹੋਏ। ਅੱਠ ਮਾਮਲਿਆਂ ਵਿੱਚ ਨਾਜਾਇਜ਼ ਸੰਬੰਧ ਕਤਲ ਦੀ ਵਜ੍ਹਾ ਬਣੇ। ਇੱਕ ਮਾਮਲਾ ਗੈਂਗਵਾਰ ਨਾਲ ਜੁੜਿਆ ਮਿਲਿਆ, ਜਦਕਿ ਛੇ ਮਾਮਲਿਆਂ ਦੀ ਗੁੱਥੀ ਅਜੇ ਤੱਕ ਨਹੀਂ ਸੁਲਝ ਸਕੀ।
ਉਮਰ ਵਰਗ ਦੇ ਅਧਾਰ ’ਤੇ ਵੀ ਤਸਵੀਰ ਚਿੰਤਾਜਨਕ ਰਹੀ। 30 ਤੋਂ 45 ਸਾਲ ਉਮਰ ਵਰਗ ਦੇ ਸਭ ਤੋਂ ਵੱਧ 26 ਲੋਕ ਕਤਲ ਦਾ ਸ਼ਿਕਾਰ ਬਣੇ। ਇਸ ਵਿੱਚ 18 ਪੁਰਸ਼ ਅਤੇ ਅੱਠ ਔਰਤਾਂ ਸ਼ਾਮਲ ਸਨ। 18 ਤੋਂ 30 ਸਾਲ ਉਮਰ ਵਰਗ ਵਿੱਚ 18 ਲੋਕਾਂ ਦੀ ਹੱਤਿਆ ਹੋਈ, ਜਦਕਿ 45 ਤੋਂ 60 ਸਾਲ ਉਮਰ ਵਰਗ ਦੇ 12 ਲੋਕ ਮਾਰੇ ਗਏ। ਰਿਪੋਰਟ ਵਿੱਚ 16 ਤੋਂ 18 ਸਾਲ ਉਮਰ ਦੀ ਇਕ ਨਾਬਾਲਗ ਲੜਕੀ ਦੇ ਕਤਲ ਦਾ ਵੀ ਜ਼ਿਕਰ ਹੈ।
ਐੱਨਸੀਆਰਬੀ ਦੀ ਰਿਪੋਰਟ ਨੇ ਲੁਧਿਆਣਾ ਵਿੱਚ ਵਧਦੇ ਹਿੰਸਕ ਅਪਰਾਧਾਂ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਨਿਗਾਹਾਂ ਪੁਲਿਸ ਅਤੇ ਪ੍ਰਸ਼ਾਸਨ ’ਤੇ ਟਿਕੀਆਂ ਹਨ ਕਿ ਕਤਲ ਦੇ ਵਧਦੇ ਗ੍ਰਾਫ ਨੂੰ ਰੋਕਣ ਲਈ ਕਿਹੜੀ ਠੋਸ ਰਣਨੀਤੀ ਅਪਣਾਈ ਜਾਂਦੀ ਹੈ।
ਕਤਲ ਦੇ ਮਾਮਲਿਆਂ ਪਿੱਛੇ ਮੁੱਖ ਕਾਰਨ
ਪੁਰਾਣੀ ਰੰਜਿਸ਼ : 14
ਮਾਮੂਲੀ ਝਗੜੇ/ਵਿਵਾਦ : 19
ਨਾਜਾਇਜ਼ ਸੰਬੰਧ : 8
ਗੈਂਗਵਾਰ : 1
ਅਣਸੁਲਝੇ ਮਾਮਲੇ : 6