ਨਸ਼ਿਆਂ ਦੇ ਖਿਲਾਫ਼ ਲੁਧਿਆਣਾ ਪੁਲਿਸ ਦੀ ਕਾਰਵਾਈ

ਨਸ਼ਿਆਂ ਦੇ ਖਿਲਾਫ਼ ਲੁਧਿਆਣਾ ਪੁਲਿਸ ਦੀ ਕਾਰਵਾਈ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਨਾਂ ਦੀ ਵਰਤੋਂ ਨੂੰ ਖਤਮ ਕਰਨ ਲਈ ਲੁਧਿਆਣਾ ਪੁਲਿਸ ਲਗਾਤਾਰ ਯਤਨ ਕਰ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ। ਥਾਣਾ ਡਿਵੀਜ਼ਰ ਨੰਬਰ 6 ਦੇ ਏਐਸਆਈ ਸੁਬੇਗ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਸਬੰਧੀ ਜਗਰਾਉਂ ਪੁੱਲ ਤੋਂ ਫਾਟਕ ਸੰਗਤਪੁਰਾ ਵੱਲ ਨੂੰ ਜਾ ਰਹੀ ਸੀ। ਇਸੇ ਦੌਰਾਨ ਸੰਗਤਪੁਰਾ ਫਾਟਕ ਲਾਗੇ ਸੰਨੀ ਉਰਫ ਫੱਡੂ ਉਰਫ ਗੌਰਵ ਨੂੰ ਰੋਕ ਕੇ ਜਦ ਉਸਦੀ ਤਲਾਸ਼ੀ ਲਈ, ਤਾਂ ਮੁਲਜਮ ਦੇ ਕਬਜ਼ੇ ’ਚੋਂ ਪੰਜ ਗ੍ਰਾਮ ਹੈਰੋਇਨ ਮਿਲੀ। ਇਸੇ ਤਰ੍ਹਾਂ ਥਾਣਾ ਜੋਧੇਵਾਲ ਬਸਤੀ ਦੇ ਤਫਤੀਸ਼ੀ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੈਣੀ ਗਰਾਉਂਡ ਦੇ ਲਾਗਿਓ ਬਿਹਾਰ ਦੇ ਸਹਾਰਸਾਂ ਜ਼ਿਲ੍ਹਾ ਦੇ ਰਹਿਣ ਵਾਲੇ ਮੁਹੰਮਦ ਰਬਾਨ ਨੂੰ 200 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ। ਕਾਰਵਾਈ ਕਰਦਿਆਂ ਲੁਧਿਆਣਾ ਦੇ ਥਾਣਾ ਟਿੱਬਾ ਦੀ ਪੁਲਿਸ ਨੇ ਪੁਨੀਤ ਨਗਰ ਦੇ ਰਹਿਣ ਵਾਲੇ ਨਰੇਸ਼ ਸਨੋਰੀ ਨੂੰ ਪ੍ਰਾਚੀਨ ਗਉਸ਼ਾਲਾ ਟਿੱਬਾ ਰੋਡ ਦੇ ਕੋਲੋਂ 5 ਗ੍ਰਾਮ ਹੈਰੋਇਨ ਸਮੇਤ ਹਿਰਾਸਤ ਵਿੱਚ ਲਿਆ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਨਾਲ ਨਾਲ ਪੁਲਿਸ ਨੇ ਉਹਨਾਂ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਜੋ ਨਸ਼ੇ ਦਾ ਸੇਵਨ ਕਰ ਰਹੇ ਸਨ। ਇਸੇ ਲੜੀ ਦੇ ਚਲਦਿਆਂ ਥਾਣਾ ਸ਼ਰਾਬਾਂ ਨਗਰ ਦੀ ਪੁਲਿਸ ਨੇ ਜੈਨ ਕਲੋਨੀ ਬਾੜੇਵਾਲ ਦੇ ਰਹਿਣ ਵਾਲੇ ਹਨੀ ਕੁਮਾਰ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਸਬਜ਼ੀ ਮੰਡੀ ਲੋਧੀ ਕਲੱਬ ਰੋਡ ਤੇ ਇੱਕ ਖਾਲੀ ਪਲਾਟ ਵਿੱਚ ਬੈਠ ਕੇ ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦੇ ਨੋਟ ਨਾਲ ਨਸ਼ਾ ਕਰ ਰਿਹਾ ਸੀ। ਇਸੇ ਤਰ੍ਹਾਂ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਪੀਰੂਬੰਦਾ ਸਲੇਮ ਟਾਬਰੀ ਦੇ ਰਹਿਣ ਵਾਲੇ ਕੁਲਦੀਪ ਸਿੰਘ ਉਰਫ ਸ਼ੰਕਰ ਨੂੰ ਪੰਜ ਪੀਰ ਰੋਡ ਦੀ ਗਊਸ਼ਾਲਾ ਦੇ ਪਿਛਲੇ ਪਾਸਿਓਂ ਇੱਕ ਲਾਈਟਰ ਸਿਲਵਰ ਪਨੀ ਅਤੇ 10 ਰੁਪਏ ਦੇ ਨੋਟ ਸਮੇਤ ਹਿਰਾਸਤ ਵਿੱਚ ਲਿਆ। ਇੱਕ ਹੋਰ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਰੂਪਨਗਰ ਬਸੰਤ ਐਵਨਿਊ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਨੇ ਸ਼ੱਕੀ ਹਾਲਾਤਾਂ ਵਿੱਚ ਸ਼ਿਮਲਾਪੁਰੀ ਦੇ ਰਹਿਣ ਵਾਲੇ ਰਵੀ ਕੁਮਾਰ ਨੂੰ ਬੇਅਬਾਦ ਪਲਾਟ ਵਿੱਚ ਬੈਠੇ ਦੇਖਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਇੱਕ ਲਾਈਟਰ, ਸਿਲਵਰ ਪੰਨੀ ਅਤੇ ਹੋਰ ਸਮਾਨ ਬਰਾਮਦ ਕੀਤਾ। ਇੱਕ ਹੋਰ ਮਾਮਲੇ ਵਿੱਚ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਗੰਦਾਂ ਨਾਲਾ ਰੋੜ ਪੀਰੂ ਬੰਦਾ ਇਲਾਕੇ ਵਿੱਚ ਰੇਲਵੇ ਲਾਈਨਾਂ ਦੇ ਕੰਡੇ ਬੈਠ ਕੇ ਨਸ਼ਾ ਕਰ ਰਹੇ ਕਿਲਾ ਮੁਹੱਲਾ ਦੇ ਵਾਸੀ ਵਿੱਕੀ ਉਰਫ ਗੰਗਾ, ਬੈਂਕ ਕਲੋਨੀ ਦੇ ਰਹਿਣ ਵਾਲੇ ਸ਼ਿਵਮ ਅਤੇ ਦੋਰਾਹਾ ਦੇ ਵਾਸੀ ਵਿਜੇ ਯਾਦਵ ਨੂੰ ਹਿਰਾਸਤ ਵਿੱਚ ਲਿਆ। ਇਹਨਾਂ ਸਾਰੇ ਮਾਮਲਿਆਂ ਵਿੱਚ ਪੁਲਿਸ ਨੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮੇ ਦਰਜ ਕਰ ਲਏ ਹਨ।