ਚੀਤੇ ਨੂੰ ਸਵੇਰੇ 6 ਵਜੇ ਇਕ ਪਰਵਾਸੀ ਮਜ਼ਦੂਰ ਨੇ ਦੇਖਿਆ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਖੇਤਾਂ ’ਚ ਆਇਆ ਤਾਂ ਉਸ ਨੇ ਚੀਤਾ ਦੇਖਿਆ, ਜੋ ਬਾਅਦ ’ਚ ਗੰਨੇ ਦੇ ਖੇਤ ’ਚ ਵੜ ਗਿਆ, ਜਿਸ ਤੋਂ ਬਾਅਦ ਉਸ ਨੇ ਪੂਰੇ ਪਿੰਡ ਨੂੰ ਦੱਸਿਆ। ਖੇਤਾਂ ’ਚ ਚੀਤੇ ਦੀਆਂ ਪੈੜਾਂ ਵੀ ਦਿਖਾਈ ਦਿੱਤੀਆਂ, ਜਿਸ ਨੂੰ ਦੇਖ ਕੇ ਲੋਕ ਘਬਰਾ ਗਏ।

ਸਰਵਣ ਸਿੰਘ ਭੰਗਲਾਂ, ਸਮਰਾਲਾ: ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਕਲਾਂ ਵਿਖੇ ਤੜਕੇ ਸਵੇਰੇ ਇਕ ਚੀਤੇ ਨੂੰ ਦੇਖਿਆ ਗਿਆ ਹੈ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੂਰੇ ਪਿੰਡ ’ਚ ਅਨਾਊਂਸਮੈਂਟ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਵੀ ਆਪਣੇ-ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਅਤੇ ਸਕੂਲਾਂ ਨੂੰ ਵੀ ਬੰਦ ਕਰਵਾਇਆ ਗਿਆ। ਤੜਕੇ ਤੋਂ ਗੰਨੇ ਦੇ ਖੇਤਾਂ ਵਿਚ ਵੜਦਾ ਵੇਖਿਆ ਗਿਆ ਇਹ ਚੀਤਾ ਖ਼ਬਰ ਲਿਖੇ ਜਾਣ ਤੱਕ ਕਾਬੂ ਨਹੀ ਕੀਤਾ ਜਾ ਸਕਿਆ।
ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਪਿੰਜਰਾ, ਜਾਲ ਅਤੇ ਬੇਹੋਸ਼ ਕਰਨ ਵਾਲਾ ਸਾਜੋ-ਸਾਮਾਨ ਲੈ ਕੇ ਇਸ ਚੀਤੇ ਨੂੰ ਕਾਬੂ ਕਰਨ ਲਈ ਵੱਖ-ਵੱਖ ਢੰਗਾਂ ਦੀ ਰੂਪ-ਰੇਖਾ ਅਮਲ ਵਿਚ ਲਿਆ ਰਹੇ ਹਨ। ਕੀਤੇ ਜਾ ਰਹੇ ਪ੍ਰਬੰਧਾਂ ਤੋਂ ਪ੍ਰਤੀਤ ਹੁੰਦਾ ਹੈ, ਕਿ ਵਿਭਾਗ ਦੇ ਅਧਿਕਾਰੀ ਪਹਿਲਾਂ ਪਿੰਡ ਵਾਲੇ ਪਾਸਿਓਂ ਪੁਖਤਾ ਪ੍ਰਬੰਧ ਕਰਨ ਵਿਚ ਜੁਟੇ ਹੋਏ ਹਨ, ਤਾਂ ਜੋ ਇਹ ਚੀਤਾ ਆਬਾਦੀ ਵਾਲੇ ਪਾਸੇ ਨਾ ਜਾ ਸਕੇ। ਪਿੰਡ ਵਿਚ ਲਗਾਤਾਰ ਅਨਾਊਂਮੈਂਟ ਹੋ ਰਹੀ ਹੈ, ਕਿ ਲੋਕ ਆਪਣੇ ਪਸ਼ੂਆਂ ਅਤੇ ਬੱਚਿਆਂ ਨੂੰ ਆਪਣੇ-ਆਪਣੇ ਘਰਾਂ ਦੇ ਅੰਦਰ ਹੀ ਰੱਖਣ।
ਜਾਣਕਾਰੀ ਮੁਤਾਬਕ, ਚੀਤੇ ਨੂੰ ਸਵੇਰੇ 6 ਵਜੇ ਇਕ ਪਰਵਾਸੀ ਮਜ਼ਦੂਰ ਨੇ ਦੇਖਿਆ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਖੇਤਾਂ ’ਚ ਆਇਆ ਤਾਂ ਉਸ ਨੇ ਚੀਤਾ ਦੇਖਿਆ, ਜੋ ਬਾਅਦ ’ਚ ਗੰਨੇ ਦੇ ਖੇਤ ’ਚ ਵੜ ਗਿਆ, ਜਿਸ ਤੋਂ ਬਾਅਦ ਉਸ ਨੇ ਪੂਰੇ ਪਿੰਡ ਨੂੰ ਦੱਸਿਆ। ਖੇਤਾਂ ’ਚ ਚੀਤੇ ਦੀਆਂ ਪੈੜਾਂ ਵੀ ਦਿਖਾਈ ਦਿੱਤੀਆਂ, ਜਿਸ ਨੂੰ ਦੇਖ ਕੇ ਲੋਕ ਘਬਰਾ ਗਏ।
ਦੂਜੇ ਪਾਸੇ, ਜੰਗਲੀ ਜੀਵ ਵਿਭਾਗ ਦੀਆਂ ਸਪੈਸ਼ਲ ਟੀਮਾਂ ਵੱਲੋਂ ਚੀਤੇ ਨੂੰ ਕਾਬੂ ਕਰਨ ਲਈ ਪਿੰਡ ’ਚ ਪਿੰਜਰਾ ਅਤੇ ਜਾਲ ਲਗਾਇਆ ਗਿਆ। ਚੀਤਾ ਫੜਨ ’ਚ ਮਾਹਿਰ ਟੀਮ ਬੇਹੋਸ਼ੀ ਵਾਲੀ ਗੰਨ ਲੈ ਕੇ ਚੀਤੇ ਦੀ ਭਾਲ ਵਿਚ ਜੁਟੀ ਹੋਈ ਹੈ ਅਤੇ 18 ਏਕੜ ਦੇ ਕਰੀਬ ਖੇਤਾਂ ਨੂੰ ਫਿਲਹਾਲ ਘੇਰੇ ਵਿਚ ਲਿਆ ਹੋਇਆ ਹੈ। ਪੁਲਿਸ ਪ੍ਰਸਾਸ਼ਨ ਵੀ ਇਸ ਟੀਮ ਦੀ ਮੱਦਦ ਲਈ ਮੌਕੇ ’ਤੇ ਮੌਜੂਦ ਹੈ ਅਤੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ।
ਮੌਕੇ ’ਤੇ ਹਾਜ਼ਰ ਇਸ ਰੈਸਕਿਊ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਪਿ੍ਤਪਾਲ ਸਿੰਘ ਨੇ ਦੱਸਿਆ ਕਿ, ਆਸ-ਪਾਸ ਦੇ ਖੇਤਾਂ ਵਿਚ ਪੈੜਾਂ ਦੀ ਜਾਂਚ ਤੋਂ ਚੀਤਾ ਹੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਲੁਧਿਆਣਾ ਦੀ ਸੁਸਾਇਟੀ ’ਚ ਵੀ ਬੀਤੇ ਦਿਨੀਂ ਚੀਤਾ ਦੇਖਿਆ ਗਿਆ ਸੀ ਅਤੇ ਹਰ ਪਾਸੇ ਲੱਭਣ ਤੋਂ ਬਾਅਦ ਵੀ ਉਹ ਨਹੀਂ ਮਿਲਿਆ ਸੀ। ਦੇਰ ਰਾਤ ਤੱਕ ਵੀ ਜੰਗਲਾਤ ਵਿਭਾਗ ਦੀ ਟੀਮ ਚੀਤੇ ਨੂੰ ਲੱਭ ਰਹੀ ਹੈ।