ਬੁੱਧਵਾਰ ਸਵੇਰੇ ਇਯਾਲੀ ਖੁਰਦ ਸਥਿਤ ਗੁਰਦੁਆਰਾ ਥੜਾ ਸਾਹਿਬ ਵਿੱਚ ਵੰਡੇ ਗਏ ਲੰਗਰ ਦਾ ਗਜਰੇਲਾ ਖਾਣ ਤੋਂ ਬਾਅਦ 50 ਦੇ ਕਰੀਬ ਸ਼ਰਧਾਲੂ ਅਚਾਨਕ ਬਿਮਾਰ ਹੋ ਗਏ। ਬਿਮਾਰ ਹੋਣ ਵਾਲਿਆਂ ਵਿੱਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਗਜਰੇਲਾ ਖਾਣ ਮਗਰੋਂ ਲੋਕਾਂ ਨੂੰ ਉਲਟੀਆਂ ਅਤੇ ਦਸਤ ਤੋਂ ਪੀੜਤ ਹੋਣ ਦੀ ਗੱਲ ਸਾਹਮਣੇ ਆਈ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਬੁੱਧਵਾਰ ਸਵੇਰੇ ਇਯਾਲੀ ਖੁਰਦ ਸਥਿਤ ਗੁਰਦੁਆਰਾ ਥੜਾ ਸਾਹਿਬ ਵਿੱਚ ਵੰਡੇ ਗਏ ਲੰਗਰ ਦਾ ਗਜਰੇਲਾ ਖਾਣ ਤੋਂ ਬਾਅਦ 50 ਦੇ ਕਰੀਬ ਸ਼ਰਧਾਲੂ ਅਚਾਨਕ ਬਿਮਾਰ ਹੋ ਗਏ। ਬਿਮਾਰ ਹੋਣ ਵਾਲਿਆਂ ਵਿੱਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਗਜਰੇਲਾ ਖਾਣ ਮਗਰੋਂ ਲੋਕਾਂ ਨੂੰ ਉਲਟੀਆਂ ਅਤੇ ਦਸਤ ਤੋਂ ਪੀੜਤ ਹੋਣ ਦੀ ਗੱਲ ਸਾਹਮਣੇ ਆਈ ਹੈ। ਬਿਮਾਰੀ ਦੀ ਹਾਲਤ ਵਿੱਚ ਪੀੜਤਾ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਕਈਆਂ ਨੂੰ ਮੁਢਲੀ ਜਾਂਚ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਫੂਡ ਪੋਇਜ਼ਨਿੰਗ ਦਾ ਜਾਪਦਾ ਹੈ ਕਿਉਂਕਿ ਸਾਰੇ ਮਰੀਜ਼ਾਂ ਨੇ ਗਜਰੇਲਾ ਖਾਦਾ ਸੀ।
ਸੰਗਰਾਂਦ ਅਤੇ ਮਾਘੀ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਵਿੱਚ ਗਜਰੇਲੇ ਦਾ ਲੰਗਰ ਲਗਾਇਆ ਗਿਆ ਸੀ। ਸ਼ਰਧਾਲੂ ਹਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਨੇ ਗੁਰੂਘਰ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦ ਖਾਧਾ। ਕੁਝ ਹੀ ਸਮੇਂ ਬਾਅਦ ਹਰਦੀਪ ਸਿੰਘ ਦੀ ਤਬੀਅਤ ਖਰਾਬ ਹੋ ਗਈ। ਇਸੇ ਤਰ੍ਹਾਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰਿਕ ਮੈਂਬਰ ਗੁਰਦੁਆਰਾ ਸਾਹਿਬ ਤੋਂ ਗਜਰੇਲਾ ਘਰ ਲੈ ਕੇ ਆਏ ਸਨ। ਜੋ ਖਾਣ ਮਗਰੋਂ ਉਹ ਵੀ ਬਿਮਾਰ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਰਘੁਨਾਥ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਚਰਨ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਸ਼ਾਦ ਗੁਰਦੁਆਰਾ ਸਾਹਿਬ ਵੱਲੋਂ ਨਹੀਂ ਵੰਡਿਆ ਗਿਆ ਸੀ, ਸਗੋਂ ਕੁਝ ਸਥਾਨਕ ਲੋਕ ਗਜਰੇਲਾ ਲਿਆ ਕੇ ਸ਼ਰਧਾਲੂਆਂ ਵਿੱਚ ਵੰਡ ਰਹੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਲਾਊਡ ਸਪੀਕਰ ਰਾਹੀਂ ਸ਼ਰਧਾਲੂਆਂ ਨੂੰ ਸਾਵਧਾਨ ਕਰ ਦਿੱਤਾ ਗਿਆ ਸੀ। ਉਧਰ ਥਾਣਾ ਸਰਾਭਾ ਨਗਰ ਦੇ ਐਸਐਚਓ ਸਬ ਇੰਸਪੈਕਟਰ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀ ਅਤੇ ਇਸ ਦੀ ਅਗਲੇਰੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਦਾ ਕਹਿਣਾ ਹੈ ਕਿ ਜਾਂਚ ਦੇ ਦੌਰਾਨ ਪਤਾ ਲੱਗਿਆ ਹੈ ਕਿ ਪਿੰਡ ਵਾਸੀਆਂ ਨੇ ਬਾੜੇਵਾਲ ਰੋਡ ਸਥਿਤ ਇੱਕ ਮਠਿਆਈ ਦੀ ਦੁਕਾਨ ਤੋਂ ਗਜਰੇਲਾ ਖਰੀਦਿਆ ਸੀ। ਜੋ ਦੋ ਵਾਰੀਆਂ ਵਿੱਚ ਸਪਲਾਈ ਕੀਤਾ ਗਿਆ ਸੀ। ਦੂਸਰੀ ਵਾਰੀ ਦਾ ਗਜਰੇਲਾ ਖਾਣ ਵਾਲੇ ਸ਼ਰਧਾਲੂਆਂ ਵਿੱਚ ਫੂਡ ਪੋਇਜ਼ਨਿੰਗ ਦੇ ਲੱਛਣ ਨਜ਼ਰ ਆ ਰਹੇ ਹਨ। ਉਨ੍ਹਾਂ ਆਖਿਆ ਕਿ ਵੀਰਵਾਰ ਨੂੰ ਦੁਕਾਨ ਤੋਂ ਸੈਂਪਲ ਇਕੱਠੇ ਕੀਤੇ ਜਾਣਗੇ ਤਾਂ ਜੋ ਸਾਰਾ ਮਾਮਲਾ ਸਾਫ ਹੋ ਸਕੇ।