Ludhiana Encounter: ਜ਼ਖਮੀ ਦੋਸ਼ੀ ਰਾਜਸਥਾਨ ਦੇ ਰਹਿਣ ਵਾਲੇ, ਪਾਕਿ- ISI ਹੈਂਡਲਰ ਜਸਵੀਰ ਚੌਧਰੀ ਵੱਲੋਂ ਗ੍ਰਨੇਡ ਹਮਲਾ ਕਰਨ ਲਈ ਭੇਜੇ ਗਏ
ਲਾਡੋਵਾਲ ਖੇਤਰ 'ਚ ਮੁਕਾਬਲੇ ਤੋਂ ਬਾਅਦ ਪਾਕਿ-ਆਈਐਸਆਈ ਸਮਰਥਿਤ ਬਹੁ-ਰਾਜਗੀ ਗੈਂਗਸਟਰ-ਟੈਰਰ ਮੋਡੀਊਲ ਦੇ ਤੋੜਦੇ ਹੀ, ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਗੋਲੀਬਾਰੀ 'ਚ ਜ਼ਖ਼ਮੀ ਹੋਏ ਦੋਵੇਂ ਦੋਸ਼ੀ ਪਾਕਿਸਤਾਨ-ਅਧਾਰਤ ਹੈਂਡਲਰ ਜਸਵੀਰ ਉਰਫ਼ ਚੌਧਰੀ ਵੱਲੋਂ ਗ੍ਰਨੇਡ ਹਮਲਾ ਕਰਨ ਲਈ ਭੇਜੇ ਗਏ ਓਪਰੇਟਿਵ ਹਨ।
Publish Date: Fri, 21 Nov 2025 03:20 PM (IST)
Updated Date: Fri, 21 Nov 2025 03:21 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲਾਡੋਵਾਲ ਖੇਤਰ 'ਚ ਮੁਕਾਬਲੇ ਤੋਂ ਬਾਅਦ ਪਾਕਿ-ਆਈਐਸਆਈ ਸਮਰਥਿਤ ਬਹੁ-ਰਾਜਗੀ ਗੈਂਗਸਟਰ-ਟੈਰਰ ਮੋਡੀਊਲ ਦੇ ਤੋੜਦੇ ਹੀ, ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਗੋਲੀਬਾਰੀ 'ਚ ਜ਼ਖ਼ਮੀ ਹੋਏ ਦੋਵੇਂ ਦੋਸ਼ੀ ਪਾਕਿਸਤਾਨ-ਅਧਾਰਤ ਹੈਂਡਲਰ ਜਸਵੀਰ ਉਰਫ਼ ਚੌਧਰੀ ਵੱਲੋਂ ਗ੍ਰਨੇਡ ਹਮਲਾ ਕਰਨ ਲਈ ਭੇਜੇ ਗਏ ਓਪਰੇਟਿਵ ਹਨ।
ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜ਼ਖਮੀ ਦੋਸ਼ੀ ਦੀਪਕ ਉਰਫ਼ ਦੀਪੂ ਅਤੇ ਰਾਮ ਲਾਲ ਰਾਜਸਥਾਨ ਤੋਂ ਲੁਧਿਆਣਾ ਆਏ ਸਨ ਅਤੇ ਪਿਛਲੇ ਦੋ ਦਿਨ ਤੋਂ ਇਥੇ ਰਹਿ ਕੇ ਹਮਲੇ ਦੀ ਯੋਜਨਾ ਬਣਾਉਂਦੇ ਰਹੇ। ਉਨ੍ਹਾਂ ਨੇ ਕਿਹਾ, “ਇਹ ਇੱਕ ਨਵਾਂ ਤੇ ਖ਼ਤਰਨਾਕ ਰੁਝਾਨ ਹੈ, ਜਿਸ ਵਿੱਚ ਪਾਕਿ-ਅਧਾਰਤ ਹੈਂਡਲਰ ਹੋਰ ਰਾਜਾਂ ਦੇ ਅਪਰਾਧੀਆਂ ਨੂੰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਵਰਤ ਰਹੇ ਹਨ ਤਾਂ ਜੋ ਉਹ ਪਛਾਣ ਤੋਂ ਬਚ ਸਕਣ।”
ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਯੂਨਿਟ ਨਾਲ ਮਿਲ ਕੇ ਤਿੰਨ ਦੋਸ਼ੀਆਂ- ਫਿਰੋਜ਼ਪੁਰ ਦੇ ਸ਼ਮਸ਼ੇਰ ਸਿੰਘ, ਹਰਿਆਣਾ ਦੇ ਅਜੇ ਅਤੇ ਬਿਹਾਰ ਦੇ ਹਰਸ਼ ਕੁਮਾਰ ਓਝਾ ਨੂੰ ਗਿਰਫ਼ਤਾਰ ਕਰਕੇ ਮੋਡੀਊਲ ਦਾ ਤੋੜ ਕੀਤਾ ਸੀ। ਪੁਲਿਸ ਨੇ ਪੰਜ ਗ੍ਰਿਫ਼ਤਾਰ ਦੋਸ਼ੀਆਂ ਤੋਂ ਦੋ 86P ਚੀਨੀ ਹੈਂਡ ਗ੍ਰਨੇਡ, ਪੰਜ .30 ਬੋਰ ਦੇ ਪਿਸਤੌਲ ਅਤੇ ਲਗਭਗ 40+ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਲੋਰਂਸ ਗੈਂਗ ਨਾਲ ਜੁੜਿਆ ਹੈ ਇਹ ਮੋਡਿਊਲ
ਲੌਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਇਹ ਮੋਡੀਊਲ ਸਰਕਾਰੀ ਇਮਾਰਤਾਂ ਅਤੇ ਸੰਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਗ੍ਰਨੇਡ ਵਰਤਣ ਦੀ ਯੋਜਨਾ ਬਣਾਈ ਹੋਈ ਸੀ। ਹਾਲ ਹੀ ਵਿੱਚ ਲੁਧਿਆਣਾ ਪੁਲਿਸ ਨੇ ਪਾਕਿ-ਆਈ ਐਸ ਆਈ ਬੈਕਡ ਇੱਕ ਹੋਰ ਗ੍ਰਨੇਡ ਮੋਡੀਊਲ ਵੀ ਬਰਬਾਦ ਕੀਤਾ ਸੀ, ਜਿਸ ਵਿੱਚ 10 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਸਨ ਅਤੇ ਇੱਕ 86ਪੀ ਚੀਨੀ ਗ੍ਰਨੇਡ, ਇੱਕ ਕਾਲਾ ਕਿਟ ਅਤੇ ਦਸਤਾਨਿਆਂ ਦਾ ਸੈੱਟ ਬਰਾਮਦ ਕੀਤਾ ਗਿਆ ਸੀ।
ਸ਼ਮਸ਼ੇਰ ਦੀ ਨਿਸ਼ਾਨਦੇਹੀ ਤੇ ਓਜਾ ਨੂੰ ਕੀਤਾ ਗ੍ਰਿਫ਼ਤਾਰ
ਸੀਪੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਹੋਏ ਸ਼ਮਸ਼ੇਰ ਸਿੰਘ ਦੀ ਨਿਸ਼ਾਨਦੇਹੀ 'ਤੇ ਬਿਹਾਰ ਦੇ ਰਹਿਣ ਵਾਲੇ ਹਰਸ਼ ਓਝਾ ਨੂੰ ਗ੍ਰਿਫ਼ਤਾਰ ਕੀਤਾ ਗਿਆ। "ਪੁੱਛਗਿੱਛ ਵਿੱਚ ਪਤਾ ਲੱਗਾ ਕਿ ਓਝਾ ਗ੍ਰਨੇਡ ਸੁੱਟਣ ਵਿੱਚ ਨਿਪੁੰਨ ਹੈ ਅਤੇ ਉਸ ਨੂੰ ਵੀ ਪੰਜਾਬ ਵਿੱਚ ਹਮਲਾ ਕਰਨ ਲਈ ਕਿਹਾ ਗਿਆ ਸੀ। ਉਹ ਹਾਲ ਹੀ ਵਿੱਚ ਬਿਹਾਰ ਵਿੱਚ ਵੀ ਵਿਦੇਸ਼ੀ ਹੈਂਡਲਰ ਦੇ ਕਹਿਣ 'ਤੇ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਸੀ।" ਸ਼ਮਸ਼ੇਰ ਦੀ ਹੀ ਨਿਸ਼ਾਨਦੇਹੀ 'ਤੇ ਹਰਿਆਣਾ ਤੋਂ ਅਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਤੋਂ ਦੋ ਪਿਸਤੌਲ ਬਰਾਮਦ ਕੀਤੇ।
ਸੀਪੀ ਨੇ ਦੱਸਿਆ ਕਿ ਅਜੇ ਦਾ ਸਬੰਧ ਪਵਨ ਨਾਲ ਹੈ, ਜੋ ਲੌਰੈਂਸ ਬਿਸ਼ਨੋਈ ਗੈਂਗ ਦੇ ਹਰਪਾਲ ਸਿੰਘ ਉਰਫ਼ ਹੈਰੀ ਦਾ ਭਰਾ ਹੈ ਅਤੇ ਜਿਸ ਨੇ ਮੂੰਬਈ 'ਚ ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਕੀਤੀ ਸੀ। ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ਵਿੱਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਗੰਭੀਰ ਧਰਾਵਾਂ ਦੇ ਤਹਿਤ ਐਫਆਈਆਰ ਦਰਜ ਕਰਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।