ਪਰਵਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਬਣਾਈ ਵੀਡੀਓ ’ਚ ਕਿਹਾ ਕਿ ਉਸ ਨੇ ਸਾਰੇ ਲੈਣ-ਦੇਣ ਅਤੇ ਦੋਸ਼ੀਆਂ ਦੀ ਜਾਣਕਾਰੀ ਲਿਖ ਕੇ ਆਪਣੀ ਕਾਰ ਦੇ ਗਿਅਰ ਬਾਕਸ ਨਾਲ ਲੱਗੇ ਇਕ ਡੱਬੇ ’ਚ ਰੱਖੀ ਹੋਈ ਹੈ। ਉਸ ਨੇ ਅਪੀਲ ਕੀਤੀ ਕਿ ਉਸ ਦੀ ਸਾਰੀ ਜਾਇਦਾਦ ਅਤੇ ਪੈਸਾ ਉਸ ਦੇ ਪਰਿਵਾਰ ਨੂੰ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ। ਵੀਡੀਓ ’ਚ ਉਸ ਨੇ ਆਪਣੇ ਰਿਸ਼ਤੇਦਾਰ ਚਰਨਜੀਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਸ ਦੇ ਪੁੱਤਰ, ਧੀ ਅਤੇ ਪਤਨੀ ਦੀ ਸੰਭਾਲ ਕਰੇ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਮਹਾਨਗਰ ਲੁਧਿਆਣਾ ’ਚ ਇਕ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਨੇ ਖੁਦਕੁਸ਼ੀ ਕਰ ਲਈ। ਕਾਰੋਬਾਰੀ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ, ਜਿਸ ’ਚ ਉਸ ਨੇ 11 ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ 52 ਸਾਲਾ ਪਰਵਿੰਦਰ ਉਰਫ਼ ਰਿੰਪੀ ਅਨੇਜਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪਰਵਿੰਦਰ ਸਿੰਘ ਨੇ ਰਾਤ ਸਮੇਂ ਸਲਫ਼ਾਸ ਦੀਆਂ ਗੋਲੀਆਂ ਨਿਗਲ ਲਈਆਂ ਸਨ। ਹਾਲਤ ਵਿਗੜਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਜਸਲੀਨ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਕਾਫ਼ੀ ਸਮੇਂ ਤੋਂ ਮਾਨਸਿਕ ਤਣਾਅ ’ਚ ਸੀ ਕਿਉਂਕਿ ਕੁਝ ਲੋਕ ਉਸ ਦੇ ਕਰੋੜਾਂ ਰੁਪਏ ਵਾਪਸ ਨਹੀਂ ਕਰ ਰਹੇ ਸਨ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਮੁਲਜ਼ਮ ਪਰਵਿੰਦਰ ਸਿੰਘ ਨੂੰ ਇਹ ਕਹਿ ਰਹੇ ਸਨ ਕਿ ਉਸ ਨੇ ਜੋ ਵੀ ਕਰਨਾ ਹੈ ਉਹ ਕਰ ਲਵੇ, ਉਸ ਨੂੰ ਪੈਸੇ ਨਹੀਂ ਮਿਲਣੇ। ਜਸਲੀਨ ਕੌਰ ਨੇ ਦੱਸਿਆ ਕਿ 6 ਮਈ ਨੂੰ ਸ਼ਾਮ 4:38 ਵਜੇ ਉਸ ਦੇ ਪਤੀ ਦਾ ਫੋਨ ਆਇਆ ਸੀ। ਉਸ ਨੇ ਕਿਹਾ ਕਿ ਉਹ ਹੁਣ ਜਿਉਣਾ ਨਹੀਂ ਚਾਹੁੰਦਾ। ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੁੱਝ ਲੋਕ ਉਸ ਨੂੰ ਮਰਨ ਲਈ ਮਜਬੂਰ ਕਰ ਰਹੇ ਹਨ। ਕੁਝ ਸਮੇਂ ਬਾਅਦ ਉਸ ਨੇ ਦਿਲ ਦਹਿਲਾ ਦੇਣ ਵਾਲੀ ਗੱਲ ਕਹੀ ਤੇ ਉਸ ਨੇ ਕਿਹਾ ਕਿ ਉਸ ਨੇ ਆਪਣੀ ਕਾਰ ’ਚ ਸਲਫ਼ਾਸ ਖਾ ਲਈ ਹੈ। ਇਸ ਤੋਂ ਬਾਅਦ ਰਿਸ਼ਤੇਦਾਰ ਚਰਨਜੀਤ ਸਿੰਘ ਉਸ ਨੂੰ ਪਹਿਲਾਂ ਦੀਪਕ ਹਸਪਤਾਲ ਅਤੇ ਫਿਰ ਡੀਐੱਮਸੀ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ’ਚ ਰਾਜੇਸ਼ ਬਾਂਸਲ, ਵਿਨੋਦ ਸਿਆਲ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦਾ ਕਰਮਚਾਰੀ ਹਰਪ੍ਰੀਤ ਸਿੰਘ, ਪੰਕਜ ਗੁਪਤਾ, ਖੁਸ਼ਵੰਤ ਸਿੰਘ, ਪ੍ਰਾਪਰਟੀ ਡੀਲਰ ਰਿਸ਼ਮਜੀਤ ਸਿੰਘ, ਅਜੀਤ ਸਿੰਘ ਸਵਰਾਜ, ਮੰਜੂ ਗੋਇਲ, ਅਨਿਲ ਕੁਮਾਰ, ਰਣਵੀਰ ਕੌਰ ਗਿੱਲ ਅਤੇ ਵਰੁਣ ਗੋਇਲ ਦੇ ਨਾਮ ਸ਼ਾਮਲ ਹਨ।
ਮਰਨ ਤੋਂ ਪਹਿਲਾਂ ਬਣਾਈ ਵੀਡੀਓ
ਪਰਵਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਬਣਾਈ ਵੀਡੀਓ ’ਚ ਕਿਹਾ ਕਿ ਉਸ ਨੇ ਸਾਰੇ ਲੈਣ-ਦੇਣ ਅਤੇ ਦੋਸ਼ੀਆਂ ਦੀ ਜਾਣਕਾਰੀ ਲਿਖ ਕੇ ਆਪਣੀ ਕਾਰ ਦੇ ਗਿਅਰ ਬਾਕਸ ਨਾਲ ਲੱਗੇ ਇਕ ਡੱਬੇ ’ਚ ਰੱਖੀ ਹੋਈ ਹੈ। ਉਸ ਨੇ ਅਪੀਲ ਕੀਤੀ ਕਿ ਉਸ ਦੀ ਸਾਰੀ ਜਾਇਦਾਦ ਅਤੇ ਪੈਸਾ ਉਸ ਦੇ ਪਰਿਵਾਰ ਨੂੰ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ। ਵੀਡੀਓ ’ਚ ਉਸ ਨੇ ਆਪਣੇ ਰਿਸ਼ਤੇਦਾਰ ਚਰਨਜੀਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਸ ਦੇ ਪੁੱਤਰ, ਧੀ ਅਤੇ ਪਤਨੀ ਦੀ ਸੰਭਾਲ ਕਰੇ।
ਨਾਲ ਹੀ ਆਪਣੇ ਛੋਟੇ ਭਰਾਵਾਂ ਨੂੰ ਵੀ ਪਰਿਵਾਰ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਫਾਰਮ ਹਾਊਸ ਵੇਚ ਕੇ ਉਸ ਦੀ ਧੀ ਦੇ ਵਿਆਹ ਲਈ ਪੈਸੇ ਦਿੱਤੇ ਜਾਣ ਅਤੇ ਉਸ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਪਰਿਵਾਰ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਪਰਵਿੰਦਰ ਦੀ ਮਾਤਾ ਦਾ ਦੇਹਾਂਤ ਵੀ ਕਰੀਬ 20 ਦਿਨ ਪਹਿਲਾਂ ਹੋਇਆ ਸੀ। ਉਸ ਦਾ ਪੁੱਤਰ ਕੈਨੇਡਾ ’ਚ ਰਹਿੰਦਾ ਹੈ। ਵੀਰਵਾਰ ਨੂੰ ਸਿਵਲ ਹਸਪਤਾਲ ’ਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ।