ਡੀ- ਸਲਟਿੰਗ ਦੇ ਨਾਮ ਤੇ ਸਰਗਰਮ ਰੇਤ ਮਾਫੀਏ ਖਿਲਾਫ ਇਕੱਠੇ ਹੋਏ ਇਲਾਕਾ ਵਾਸੀ
ਡੀ- ਸਲਟਿੰਗ ਦੇ ਨਾਮ ਤੇ ਸਰਗਰਮ ਰੇਤ ਮਾਫੀਏ ਖਿਲਾਫ ਇਕੱਠੇ ਹੋਏ ਇਲਾਕਾ ਨਿਵਾਸੀ
Publish Date: Sat, 20 Dec 2025 09:25 PM (IST)
Updated Date: Sun, 21 Dec 2025 04:13 AM (IST)

ਬੰਨ੍ਹ ਦੇ ਨੇੜੇ ਨਹੀਂ ਹੋਣ ਦਿੱਤੀ ਜਾਵੇਗੀ ਜਾਇਜ਼ ਜਾਂ ਨਾਜਾਇਜ਼ ਰੇਤ ਮਾਈਨਿੰਗ : ਵਿਧਾਇਕ ਦਿਆਲਪੁਰਾ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਲੰਘੀਆਂ ਬਰਸਾਤਾਂ ਸਮੇਂ ਹੜ੍ਹਾਂ ਕਾਰਨ ਧੁੱਸੀ ਬੰਨ੍ਹ ਨੂੰ ਪੈਦਾ ਹੋਏ ਖਤਰੇ ਦੇ ਮੱਦੇਨਜ਼ਰ ਹੁਣ ਇਲਾਕਾ ਨਿਵਾਸੀ ਰੇਤ ਮਾਫੀਏ ਦੀਆਂ ਮਨਮਰਜ਼ੀਆਂ ਖਿਲਾਫ ਇਕੱਠੇ ਹੋ ਗਏ ਹਨ। ਰੇਤ ਮਾਫੀਏ ਵਲੋਂ ਡੀ-ਸਲਟਿੰਗ ਦੇ ਨਾਂ ’ਤੇ ਇਲਾਕੇ ’ਚ ਰੇਤ ਦੀ ਖੁਦਾਈ ਖਿਲਾਫ ਅੱਜ ਸਤਲੁਜ ਦੇ ਕੰਢੇ ਪੈਂਦੇ ਸੈਂਸੋਵਾਲ ਖੁਰਦ ਵਿਖੇ ਇਲਾਕਾ ਨਿਵਾਸੀਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਹੇਠ ਇਕੱਠ ਰੱਖਿਆ ਤੇ ਕਿਸੇ ਵੀ ਕਿਸਮ ਦੀ ਰੇਤ ਮਾਈਨਿੰਗ ਨਾ ਹੋਣ ਦੇਣ ਦੀ ਗੱਲ ਕਹੀ। ਇਸ ਮੌਕੇ ਇਸ ਪਿੰਡ ਤੋ ਇਲਾਵਾ ਬੰਨ੍ਹ ਦੇ ਨਾਲ ਨਾਲ ਵਸੇ ਕਈ ਪਿੰਡਾਂ ਦੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਡੀ-ਸਲਟਿੰਗ ਨੀਤੀ ਦੀ ਆੜ੍ਹ ਹੇਠ ਰੇਤ ਦੀ ਖੁਦਾਈ ਪੂਰੇ ਇਲਾਕੇ ਲਈ ਆਉਣ ਵਾਲੇ ਸਮੇਂ ’ਚ ਖਤਰਾ ਸਾਬਤ ਹੋ ਸਕਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਮੂਹ ਇਲਾਕਾ ਨਿਵਾਸੀਆਂ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਇਸ ਪਿੰਡ ’ਚ ਜਾਇਜ਼ ਜਾਂ ਨਾਜਾਇਜ਼ ਰੇਤ ਮਾਈਨਿੰਗ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਯੂਨੀਅਨ ਰਾਜੇਵਾਲ ਦੇ ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਵਿਧਾਇਕ ਸਮੇਤ ਹੋਰਨਾਂ ਰਾਜਸੀ ਆਗੂਆਂ ਨਾਲ ਰੇਤ ਮਾਈਨਿੰਗ ਤੇ ਬੰਨ੍ਹ ਸਬੰਧੀ ਕਈ ਖਦਸ਼ੇ ਜ਼ਾਹਰ ਕੀਤੇ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਰੇਤ ਮਾਫੀਏ ਖਿਲਾਫ ਲੜਾਈ ’ਚ ਲੋਕਾਂ ਨਾਲ ਖੜ੍ਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਰਾਠੌਰ ਸਮੇਤ ਕਈ ਰਾਜਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਬਾਕਸ-- ਰਕਬਾ ਨਵਾਂਸ਼ਹਿਰ ਤੇ ਹੱਦ ਮਾਛੀਵਾੜਾ ਇਲਾਕੇ ਨਾਲ ਹੋਣ ਕਾਰਨ ਰੇਤ ਮਾਫੀਆ ਅਕਸਰ ਉਠਾਉਂਦਾ ਫਾਇਦਾ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਵੀ ਰੇਤ ਮਾਫੀਏ ਦੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਜ਼ਿਕਰਯੋਗ ਹੈ ਕਿ ਦਰਿਆ ਕੰਡੇ ਦੇ ਕੁਝ ਪਿੰਡਾਂ ਦੀ ਹੱਦ ਤਾਂ ਮਾਛੀਵਾੜਾ ਸਾਹਿਬ ਇਲਾਕੇ ਨਾਲ ਲੱਗਦੀ ਹੈ, ਜਦਕਿ ਇਨ੍ਹਾਂ ਪਿੰਡਾਂ ਦਾ ਰਕਬਾ ਨਵਾਂਸ਼ਹਿਰ ਜ਼ਿਲ੍ਹੇ ’ਚ ਪੈਂਦਾ ਹੈ ਤੇ ਜੇਕਰ ਇਸ ਵਿਚੋਂ ਰੇਤ ਦੀ ਖੁਦਾਈ ਹੁੰਦੀ ਹੈ ਤਾਂ ਉਹ ਰਕਬੇ ਦੇ ਹਿਸਾਬ ਨਾਲ ਮਾਛੀਵਾੜਾ ਸਾਹਿਬ ਵਾਲੇ ਪਾਸੇ ਹੋਵੇਗੀ ਤੇ ਉਸ ਨਾਲ ਬੰਨ੍ਹ ਨੂੰ ਖਤਰਾ ਮਾਛੀਵਾੜੇ ਵਾਲੇ ਪਾਸੇ ਹੀ ਹੌਵੇਗਾ। ਸਰਕਾਰ ਦੀ ਡੀ-ਸਲਟਿੰਗ ਨੀਤੀ ਦਾ ਫਾਇਦਾ ਲੈਣ ਲਈ ਵੀ ਕਥਿਤ ਰੇਤ ਮਾਫੀਏ ਦਾ ਜ਼ੋਰ ਇਸੇ ਇਲਾਕੇ ’ਚ ਰੇਤ ਮਾਈਨਿੰਗ ਕਰਨ ’ਤੇ ਲੱਗਾ ਹੋਇਆ ਹੈ, ਜਿਸ ਦਾ ਕਿ ਇਲਾਕਾ ਨਿਵਾਸੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ। ਅੱਜ ਇਸ ਮਸਲੇ ’ਤੇ ਹੋਈ ਮੀਟਿੰਗ ’ਚ ਪਹੁੰਚੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿਛਲੇ ਕਰੀਬ 4 ਸਾਲ ਤੋਂ ਉਨ੍ਹਾਂ ਵੱਲੋਂ ਕਿਸੇ ਵੀ ਕਿਸਮ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ’ਚ ਲੋਕਾਂ ਦਾ ਸਹਿਯੋਗ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੇ ਲੋਕ ਨਹੀਂ ਚਾਹੁੰਦੇ ਤਾਂ ਇੱਥੇ ਕਿਸੇ ਵੀ ਕਿਸਮ ਦੀ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਭਾਵੇਂ ਉਹ ਰੇਤ ਮਾਈਨਿੰਗ ਜਾਇਜ ਹੋਵੇ ਜਾਂ ਨਾਜਾਇਜ਼ ਹੋਵੇ।