ਦਾਤ ਦੀ ਨੋਕ ’ਤੇ ਸ਼ਰਾਬ ਦੇ ਠੇਕਿਆਂ ਨੂੰ ਬਣਾਇਆ ਨਿਸ਼ਾਨਾ, ਇੱਕ ਹਫਤੇ ’ਚ ਚੌਥੀ ਵਾਰਦਾਤ ਨੂੰ ਦਿੱਤਾ ਅੰਜਾਮ
ਹੰਬੜਾ ਰੋਡ ’ਤੇ ਪੈਂਦੇ ਇੱਕ ਹੀ ਕੰਪਨੀ ਦੇ ਸ਼ਰਾਬ ਦੇ ਠੇਕਿਆਂ ਨੂੰ ਲਗਾਤਾਰ 4 ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਦਮਾਸ਼ਾਂ ਨੇ ਇੱਕ ਹਫਤੇ ਵਿੱਚ ਠੇਕਿਆਂ ਦੇ ਕਰਿੰਦਿਆਂ ਕੋਲੋਂ 1 ਲੱਖ20 ਹਜਾਰ ਰੁਪਏ ਦੀ ਰਕਮ ਅਤੇ ਸ਼ਰਾਬ ਦੀਆਂ ਕੁਝ ਬੋਤਲਾਂ ਲੁੱਟ ਲਈਆਂ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਸਾਊਥ ਸਿਟੀ ਦੇ ਰਹਿਣ ਵਾਲੇ ਸੰਦੀਪ ਛੀਨਾ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Publish Date: Sat, 03 Jan 2026 01:03 PM (IST)
Updated Date: Sat, 03 Jan 2026 01:05 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਹੰਬੜਾ ਰੋਡ ’ਤੇ ਪੈਂਦੇ ਇੱਕ ਹੀ ਕੰਪਨੀ ਦੇ ਸ਼ਰਾਬ ਦੇ ਠੇਕਿਆਂ ਨੂੰ ਲਗਾਤਾਰ 4 ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਦਮਾਸ਼ਾਂ ਨੇ ਇੱਕ ਹਫਤੇ ਵਿੱਚ ਠੇਕਿਆਂ ਦੇ ਕਰਿੰਦਿਆਂ ਕੋਲੋਂ 1 ਲੱਖ20 ਹਜਾਰ ਰੁਪਏ ਦੀ ਰਕਮ ਅਤੇ ਸ਼ਰਾਬ ਦੀਆਂ ਕੁਝ ਬੋਤਲਾਂ ਲੁੱਟ ਲਈਆਂ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਸਾਊਥ ਸਿਟੀ ਦੇ ਰਹਿਣ ਵਾਲੇ ਸੰਦੀਪ ਛੀਨਾ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਸੰਦੀਪ ਨੇ ਦੱਸਿਆ ਕਿ ਉਹ ਵਿਸ਼ਨੂ ਇੰਟਰਪ੍ਰਾਈਜਜ ਵਾਈਨ ਕੰਪਨੀ ਵੈਸਟ ਦਾ ਇੰਚਾਰਜ ਹੈ। ਉਸਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਵਿੱਚ ਬੁਲੇਟ, ਸਪਲੈਂਡਰ ਅਤੇ ਐਕਟਿਵਾ ਸਵਾਰ ਬਦਮਾਸ਼ ਹੰਬੜਾ ਰੋਡ ’ਤੇ ਪੈਂਦੇ ਉਨ੍ਹਾਂ ਦੀ ਕੰਪਨੀ ਦੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸੰਦੀਪ ਨੇ ਦੱਸਿਆ ਕਿ ਪਹਿਲੀ ਵਾਰਦਾਤ 23 ਦਸੰਬਰ ਨੂੰ ਹੋਈ ਸਕੂਟਰ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਸਿਆਲ ਕੰਪਲੈਕਸ ਵਿੱਚ ਪੈਂਦੇ ਉਨ੍ਹਾਂ ਦੀ ਕੰਪਨੀ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਅਤੇ ਦਾਤ ਦਿਖਾ ਕੇ ਕਰਿੰਦਿਆਂ ਕੋਲੋਂ ਨਕਦੀ ਲੁੱਟ ਲਈ।
ਉਸ ਤੋਂ ਬਾਅਦ ਮੁਲਜ਼ਮ ਰਾਤ ਵੇਲੇ ਲਗਾਤਾਰ ਹੰਬੜਾ ਰੋਡ ’ਤੇ ਪੈਂਦੇ ਉਨ੍ਹਾਂ ਦੇ ਕੰਪਨੀ ਦੇ ਠੇਕਿਆਂ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਲੁੱਟ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਆਪਣੇ ਕੁਝ ਹੋਰ ਸਾਥੀਆਂ ਨੂੰ ਨਾਲ ਰਲਾਇਆ ਅਤੇ ਕੁੱਲ ਸੱਤ ਬਦਮਾਸ਼ਾਂ ਨੇ ਚੌਥੀ ਵਾਰਦਾਤ ਨੂੰ ਅੰਜਾਮ ਬਰਨਹਾੜਾ ਦੇ ਠੇਕੇ ’ਤੇ ਦਿੱਤਾ।
ਸੰਦੀਪ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਦੇ ਠੇਕਿਆਂ ’ਚੋਂ ਕੁੱਲ 1 ਲੱਖ 20 ਹਜ਼ਾਰ ਦੀ ਰਕਮ ਅਤੇ ਕੁਝ ਸ਼ਰਾਬ ਦੀਆਂ ਬੋਤਲਾਂ ਲੁੱਟ ਚੁੱਕੇ ਹਨ। ਇੰਨ੍ਹਾਂ ਮਾਮਲਿਆਂ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਸੰਦੀਪ ਛੀਨਾ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।