ਕਾਨੂੰਨ ਦੀਆਂ ਉਡਾਈਆਂ ਧੱਜੀਆਂ: ਲੋਹੜੀ ਮੌਕੇ ਹਵਾਈ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮ ਕਾਬੂ, ਪੁਲਿਸ ਨੇ ਅਸਲਾ ਵੀ ਲਿਆ ਕਬਜ਼ੇ 'ਚ
ਲੋਹੜੀ ਦੇ ਤਿਉਹਾਰ ਮੌਕੇ ਮਾਂਗਟ ਕਲੋਨੀ ਇਲਾਕੇ ਵਿੱਚ ਇੱਕ ਘਰ ਦੀ ਛੱਤ ਤੇ ਜਸ਼ਨ ਮਨਾਉਂਦੇ ਨੌਜਵਾਨਾਂ ਨੇ ਹਵਾਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪਤੰਗਬਾਜ਼ੀ ਦੌਰਾਨ ਗੋਲੀ ਚਲਾਉਣ ਦੀ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਉਕਤ ਮਾਮਲੇ ਵਿੱਚ ਪੁਲਿਸ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਆਰਮ ਐਕਟ ਅਧੀਨ ਪਰਚਾ ਦਰਜ ਕਰਕੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
Publish Date: Thu, 15 Jan 2026 12:27 PM (IST)
Updated Date: Thu, 15 Jan 2026 12:28 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੋਹੜੀ ਦੇ ਤਿਉਹਾਰ ਮੌਕੇ ਮਾਂਗਟ ਕਲੋਨੀ ਇਲਾਕੇ ਵਿੱਚ ਇੱਕ ਘਰ ਦੀ ਛੱਤ ਤੇ ਜਸ਼ਨ ਮਨਾਉਂਦੇ ਨੌਜਵਾਨਾਂ ਨੇ ਹਵਾਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪਤੰਗਬਾਜ਼ੀ ਦੌਰਾਨ ਗੋਲੀ ਚਲਾਉਣ ਦੀ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਉਕਤ ਮਾਮਲੇ ਵਿੱਚ ਪੁਲਿਸ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਆਰਮ ਐਕਟ ਅਧੀਨ ਪਰਚਾ ਦਰਜ ਕਰਕੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਮੁਤਾਬਕ ਘਟਨਾ ਕੈਲਾਸ਼ ਨਗਰ ਤੇ ਨਜ਼ਦੀਕ ਮਾਂਗਟ ਕਲੋਨੀ ਦੀ ਹੈ। 13 ਜਨਵਰੀ ਨੂੰ ਗਸ਼ਤ ਦੌਰਾਨ ਪੁਲਿਸ ਪਾਰਟੀ ਨੂੰ ਜਾਣਕਰੀ ਮਿਲੀ ਕਿ ਰਵਿਦਾਸ ਧਰਮਸ਼ਾਲਾ ਦੇ ਸਾਹਮਣੇ ਘਰ ਦੀ ਛੱਤ ਤੇ ਕੁਝ ਨੌਜਵਾਨ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰ ਰਹੇ ਹਨ। ਜਾਣਕਾਰੀ ਮਿਲੀ ਸੀ ਕਿ ਪਤੰਗਬਾਜ਼ੀ ਕਰਦੇ ਹੋਏ ਉਕਤ ਨੌਜਵਾਨ ਡੀਜੇ ਤੇ ਨੱਚਣ ਮੌਕੇ ਹੱਥਾਂ ਵਿੱਚ ਹਥਿਆਰ ਫੜ ਕੇ ਅਸਲੇ ਦਾ ਪ੍ਰਦਰਸ਼ਨ ਕਰ ਰਹੇ ਹਨ।
ਇਸ ਦੌਰਾਨ ਨੌਜਵਾਨਾਂ ਨੇ ਹਵਾਈ ਫਾਇਰ ਵੀ ਕੀਤੇ ਤਾਂ ਪੁਲਿਸ ਨੇ ਮੌਕੇ ਤੇ ਦਬਿਸ਼ ਦੇ ਕੇ ਹੁੱਲੜਬਾਜੀ ਕਰਨ ਵਾਲੇ ਨੌਜਵਾਨਾਂ ਵਿੱਚੋਂ ਨਵਜੋਤ ਸਿੰਘ ਵਾਸੀ ਨਿਊ ਬਸੰਤ ਬਿਹਾਰ ਅਤੇ ਮਨੀਸ਼ ਕੁਮਾਰ ਵਾਸੀ ਵਿਸ਼ਾਲ ਕਲੋਨੀ ਨੂੰ ਹਿਰਾਸਤ ਵਿੱਚ ਲੈ ਲਿਆ। ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ, ਇੱਕ ਏਅਰਗਨ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬਰਾਮਦ ਕੀਤੇ ਗਏ ਅਸਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਹਿਰਹਾਲ ਪੁਲਿਸ ਵੱਲੋਂ ਜਨਤਕ ਤੌਰ ਤੇ ਫਾਇਰਿੰਗ ਕਰਕੇ ਲੋਕਾਂ ਦੀ ਜਾਨ ਲਈ ਖਤਰਾ ਪੈਦਾ ਕਰਨ ਦੇ ਦੋਸ਼ਾਂ ਵਿੱਚ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।