ਇਸ ਫੇਰੀ ਦੌਰਾਨ ਉਨ੍ਹਾਂ ਆਪਣੇ ਜੱਦੀ ਪਿੰਡ ਹਿੱਸੇ ਆਉਂਦੀ ਜ਼ਮੀਨ ਅਤੇ ਪਲਾਟ ਵੇਚ ਦਿੱਤਾ ਸੀ। ਬਸ ਉਸ ਦਿਨ ਤੋਂ ਹੀ ਉਨ੍ਹਾਂ ਦਾ ਡਾਂਗੋ ਪਿੰਡ ਨਾਲ ਇੱਕ ਤਰ੍ਹਾਂ ਦਾ ਨਾਤਾ ਟੁੱਟ ਗਿਆ। ਇਹੀ ਨਹੀਂ ਇਹ ਆਮਦ ਉਨ੍ਹਾਂ ਦੀ ਜ਼ਿੰਦਗੀ ਦੀ ਡਾਂਗੋ ਵਿਚ ਆਖਰੀ ਆਮਦ ਬਣ ਗਈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਫਿਲਮ ਜਗਤ ਦੇ ਸੁਪਰ ਸਟਾਰ ਮਰਹੂਮ ਧਰਮਿੰਦਰ ਨੂੰ ਅੱਜ ਪਦਮ ਵਿਭੂਸ਼ਣ ਮਿਲਣ ’ਤੇ ਉਨ੍ਹਾਂ ਦੇ ਜੱਦੀ ਪਿੰਡ ਡਾਂਗੋ ’ਚ ਫਿਰ ਬਚਪਨ ’ਚ ਬਿਤਾਏ ਦਿਨ ਅਤੇ ਬੰਬੇ ਤੋਂ ਰਾਤ-ਬਰਾਤੇ ਪਿੰਡ ਆਉਣ ਦੀਆਂ ਯਾਦਾਂ ਚੇਤੇ ਆ ਗਈਆਂ। ਧਰਮਿੰਦਰ ਆਖਰੀ ਵਾਰ ਸਾਲ 2014 ’ਚ ਆਪਣੇ ਇਸ ਜੱਦੀ ਪਿੰਡ ਡਾਂਗੋ ਅਚਾਨਕ ਆਏ ਸਨ। ਜਿਨ੍ਹਾਂ ਦੀ ਆਮਦ ਦੀ ਖ਼ਬਰ ਇਲਾਕੇ ਵਿਚ ਜੰਗਲ ਦੀ ਅੱਗ ਤਰ੍ਹਾਂ ਫੈਲ ਗਈ ਸੀ। ਲੋਕ ਦੂਰੋਂ ਨੇੜਿਓਂ, ਠਾਠਾਂ ਮਾਰਦੇ ਇਕੱਠ ਦੇ ਰੂਪ ਵਿਚ ‘ਵੀਰੂ’ ਦੀ ਇਕ ਝਲਕ ਪਾਉਣ ਲਈ ਆ ਪੁੱਜੇ ਸਨ। ਪਿੰਡ ਡਾਂਗੋ ਲੁਧਿਆਣਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਰਾਏਕੋਟ ਵਿਚ ਪੈਂਦਾ ਹੈ।
ਇਸ ਪਿੰਡ ਵਿਚ ਮਰਹੂਮ ਧਰਮਿੰਦਰ ਦੇ ਪਿਤਾ ਕੇਵਲ ਕ੍ਰਿਸ਼ਨ ਦਿਓਲ ਜੋ ਕਿ ਅਧਿਆਪਕ ਸਨ, ਜਿਸ ਕਰਕੇ ਉਨ੍ਹਾਂ ਦਾ ਤਬਾਦਲਾ ਹੁੰਦਾ ਰਹਿੰਦਾ ਸੀ। ਤਬਾਦਲੇ ਦੇ ਨਾਲ ਹੀ ਧਰਮਿੰਦਰ ਵੀ ਮਾਪਿਆਂ ਨਾਲ ਪਿੰਡ ਡਾਂਗੋ ਤੋਂ ਬਾਅਦ ਲਲਤੋਂ ਅਤੇ ਫਿਰ ਸਾਹਨੇਵਾਲ ਰਹੇ। ਸਾਹਨੇਵਾਲ ਦੀ ਧਰਤੀ ਤੋਂ ਉਨ੍ਹਾਂ ਦੀ ਐਂਟਰੀ ਸਿੱਧਾ ਬੰਬੇ ਹੋਈ। ਜਿਥੋਂ ਫਿਲਮੀ ਜੀਵਨ ਦਾ ਆਗਾਜ਼ ਹੋਇਆ ਅਤੇ ਲਗਾਤਾਰ ਮਿਲੀ ਸਫਲਤਾ ਨੇ ਉਨ੍ਹਾਂ ਨੂੰ ਅਸਮਾਨੀ ਪਹੁੰਚਾ ਦਿੱਤਾ। ਜਿਸ ਤੋਂ ਬਾਅਦ ਧਰਮਿੰਦਰ ਨੇ ਕਦੇ ਮੁੜ ਕੇ ਨਾ ਦੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਨੇ ਉਨ੍ਹਾਂ ਨੂੰ ਸੁਪਰ ਸਟਾਰ ਬਣਾ ਦਿੱਤਾ।
ਪਿੰਡ ਡਾਂਗੋ ਵਿਚ ਧਰਮਿੰਦਰ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਵਿਚੋਂ ਅੱਜ ਵੀ ਚਾਚਾ ਜੰਗੀਰ ਸਿੰਘ ਪਰਿਵਾਰ ਸਮੇਤ ਰਹਿੰਦਾ ਹੈ। ਚਾਚੇ ਤੋਂ ਇਲਾਵਾ ਕਈਆਂ ਨਾਲ ਉਨ੍ਹਾਂ ਦੀ ਗੂੜੀ ਯਾਰੀ ਦੇ ਚਰਚੇ ਅੱਜ ਵੀ ਡਾਂਗੋ ਦੀਆਂ ਗਲੀਆਂ ਵਿਚ ਗੂੰਜਦੇ ਹਨ। ਇਨ੍ਹਾਂ ਵਿਚੋਂ ਸ਼ਿੰਗਾਰਾ ਸਿੰਘ ਦਿਓਲ ਨਾਲ ਜ਼ਿਆਦਾ ਮੇਲ ਮਿਲਾਪ ਸੀ। ਸ਼ਿੰਗਾਰਾ ਸਿੰਘ ਦਾ ਦੇਹਾਂਤ ਹੋ ਜਾਣ ਤੋਂ ਬਾਅਦ ਇੱਕ ਤਰ੍ਹਾਂ ਧਰਮਿੰਦਰ ਦਾ ਆਪਣੇ ਜੱਦੀ ਪਿੰਡ ਨਾਲ ਨਾਤਾ ਜਿਹਾ ਹੀ ਟੁੱਟ ਗਿਆ, ਨਹੀਂ ਤਾਂ ਇਸ ਤੋਂ ਪਹਿਲਾਂ ਸ਼ਿੰਗਾਰਾ ਸਿੰਘ ਅਤੇ ਉਸਦੇ ਦੋਸਤ ਬੰਬੇ ਧਰਮਿੰਦਰ ਨੂੰ ਮਿਲਣ ਜਾਂਦੇ ਅਤੇ ਉਨ੍ਹਾਂ ਦਾ ਸੁਪਰ ਸਟਾਰ ਯਾਰ ਰਾਤ ਬਰਾਤੇ ਬੰਬੇ ਤੋਂ ਜੱਦੀ ਪਿੰਡ ਮਿਲਣ ਆਉਂਦਾ ਸੀ। ਲੰਮੇ ਅਰਸੇ ਬਾਅਦ ‘ਵੀਰੂ’ ਸਾਲ 2014 ਵਿਚ ਆਏ ਸਨ।
ਇਸ ਫੇਰੀ ਦੌਰਾਨ ਉਨ੍ਹਾਂ ਆਪਣੇ ਜੱਦੀ ਪਿੰਡ ਹਿੱਸੇ ਆਉਂਦੀ ਜ਼ਮੀਨ ਅਤੇ ਪਲਾਟ ਵੇਚ ਦਿੱਤਾ ਸੀ। ਬਸ ਉਸ ਦਿਨ ਤੋਂ ਹੀ ਉਨ੍ਹਾਂ ਦਾ ਡਾਂਗੋ ਪਿੰਡ ਨਾਲ ਇੱਕ ਤਰ੍ਹਾਂ ਦਾ ਨਾਤਾ ਟੁੱਟ ਗਿਆ। ਇਹੀ ਨਹੀਂ ਇਹ ਆਮਦ ਉਨ੍ਹਾਂ ਦੀ ਜ਼ਿੰਦਗੀ ਦੀ ਡਾਂਗੋ ਵਿਚ ਆਖਰੀ ਆਮਦ ਬਣ ਗਈ।