ਫੌਜ ਵਿੱਚ ਸੇਵਾ ਦੇ ਰਹੇ ਕੁੱਤਿਆਂ ਦੇ ਪਛਾਣ ਚਿੰਨ੍ਹਾਂ ਤੇ ਵਿਹਾਰ ਸਬੰਧੀ ਦਿੱਤਾ ਗਿਆਨ
ਫੌਜ ਵਿੱਚ ਸੇਵਾ ਦੇ ਰਹੇ ਕੁੱਤਿਆਂ ਦੇ ਪਛਾਣ ਚਿੰਨ੍ਹਾਂ ਅਤੇ ਵਿਹਾਰ ਸੰਬੰਧੀ ਦਿੱਤਾ ਗਿਆਨ
Publish Date: Tue, 02 Dec 2025 11:22 PM (IST)
Updated Date: Wed, 03 Dec 2025 04:15 AM (IST)

ਯੂਨੀਵਰਸਿਟੀ ਦੇ ਵਿਗਿਆਨੀ ਡਾ. ਰਣਧੀਰ ਸਿੰਘ ਨੇ ਰਿਮਾਊਂਟ ਵੈਟਰਨਰੀ ਕੋਰ ਸੈਂਟਰ ਅਤੇ ਕਾਲਜ ਵਿਖੇ ਦਿੱਤਾ ਭਾਸ਼ਣ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਰੱਖਿਆ ਸੇਵਾਵਾਂ ਨਾਲ ਇੱਕ ਮਹੱਤਵਪੂਰਨ ਸਹਿਯੋਗੀ ਸਾਂਝ ਵਿਖਾਉਂਦਿਆਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀ ਡਾ. ਰਣਧੀਰ ਸਿੰਘ ਨੇ ਰਿਮਾਊਂਟ ਵੈਟਰਨਰੀ ਕੋਰ ਸੈਂਟਰ ਅਤੇ ਕਾਲਜ, ਮੇਰਠ ਛਾਉਣੀ ਵਿਖੇ ਇੱਕ ਮੁਹਾਰਤ ਭਾਸ਼ਣ ਦਿੱਤਾ। ਇਸ ਦਾ ਮੰਤਵ ਫੌਜ ਵਿੱਚ ਸੇਵਾ ਦੇ ਰਹੇ ਕੁੱਤਿਆਂ ਦੀ ਛੇਤੀ ਸਫ਼ਲਤਾ ਸੰਬੰਧੀ ਕੁੱਝ ਪਛਾਣ ਚਿੰਨ੍ਹਾਂ ਅਤੇ ਵਿਹਾਰ ਸੰਬੰਧੀ ਗਿਆਨ ਦੇਣਾ ਸੀ। ਡਾ. ਰਣਧੀਰ ਨੇ ਇਸ ਸੰਬੰਧੀ ਮੁਲਾਂਕਣ ਵਿਧੀ ਅਤੇ ਸਾਧਨਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਿਸ ਦੇ ਤਹਿਤ ਅਜਿਹੇ ਕੁੱਤਿਆਂ ਦੀ ਛੇਤੀ ਪਛਾਣ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੁੱਤਿਆਂ ਦੇ ਗੁਰਦੇ ਦੀਆਂ ਬਿਮਾਰੀਆਂ, ਲੱਛਣਾਂ ਅਤੇ ਇਲਾਜ ਸੰਬੰਧੀ ਵੀ ਚਰਚਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਹੜੀਆਂ ਵਿਧੀਆਂ ਨਾਲ ਇਨ੍ਹਾਂ ਕੁੱਤਿਆਂ ਦੀ ਸਿਹਤ ਸੰਭਾਲ ਕੀਤੀ ਜਾ ਸਕਦੀ ਹੈ ਅਤੇ ਉਮਰ ਵਧਾਈ ਜਾ ਸਕਦੀ ਹੈ। ਇੱਥੇ ਵਰਣਨਯੋਗ ਹੈ ਕਿ ਡਾ. ਰਣਧੀਰ ਸਿੰਘ ਨੇ ਕੁੱਤਿਆਂ ਦੀਆਂ ਬਿਮਾਰੀਆਂ ਸੰਬੰਧੀ ਵਿਸ਼ੇਸ਼ ਮੁਹਾਰਤ ਹਾਸਿਲ ਕੀਤੀ ਹੋਈ, ਜਿਸ ਨਾਲ ਉਨ੍ਹਾਂ ਨੂੰ ਆਲਮੀ ਪ੍ਰਸਿੱਧੀ ਪ੍ਰਾਪਤ ਹੈ। ਡਾ. ਜਤਿੰਦਰਪਾਲ ਸਿੰਘ ਗਿੱਲ, ਵਾਈਸ ਚਾਂਸਲਰ ਨੇ ਡਾ. ਰਣਧੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਪ੍ਰਾਪਤੀ ਨੂੰ ਪ੍ਰਭਾਵਸ਼ਾਲੀ ਅਤੇ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਕਿਹਾ ਕਿ ਪਸ਼ੂ ਅਤੇ ਜਾਨਵਰਾਂ ਦੀ ਸਿਹਤ ਸੰਭਾਲ ਸੰਬੰਧੀ ਸਾਡੀ ਯੂਨੀਵਰਸਿਟੀ ਦੇ ਅਭਿਆਸ ਇਹ ਦਰਸਾਉਂਦੇ ਹਨ ਕਿ ਅਸੀਂ ਇਸ ਖੇਤਰ ਵਿੱਚ ਸਮਰਪਣ ਭਾਵ ਨਾਲ ਕਾਰਜ ਕਰ ਰਹੇ ਹਾਂ। ਇਸ ਮੌਕੇ ਸਿਖਲਾਈ ਪ੍ਰਾਪਤ ਕਰਨ ਵਾਲੇ ਫੋਜੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।