ਇਸ ਸੰਬੰਧ ਵਿੱਚ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਮੁਲਜਮ ਪਰਵਿੰਦਰ ਸਿੰਘ ਉਰਫ਼ ਦੀਪਕ ਉਰਫ਼ ਦੀਪੂ ਖ਼ਿਲਾਫ਼ ਧਾਰਾ 103 ਬੀਐਨਐਸ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ : ਮਾਮੂਲੀ ਬਹਿਸ ਤੋਂ ਬਾਅਦ ਕਲਯੁਗੀ ਪੁੱਤਰ ਇਸ ਕਦਰ ਭੜਕ ਗਿਆ ਕਿ ਉਸਨੇ ਆਪਣੀ ਸਕੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਥਾਣਾ ਡਾਬਾ ਦੇ ਅਧੀਨ ਆਉਂਦੇ ਬਸੰਤ ਨਗਰ ਵਿੱਚ ਵਾਪਰੀ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਤੇ ਮਤਰਏ ਪਿਤਾ ਢਿੱਲੋ ਨਗਰ ਦੇ ਵਾਸੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਮੁਕਦਮਾ ਦਰਜ ਕਰਕੇ ਮੁਲਜਮ ਗ੍ਰਿਫਤਾਰ ਕਰ ਲਿਆ ਹੈ। ਸੁਖਵਿੰਦਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਪਤਨੀ ਮਨਪ੍ਰੀਤ ਕੌਰ ਆਪਣੇ ਪੁੱਤਰ ਪਰਵਿੰਦਰ ਸਿੰਘ ਉਰਫ਼ ਦੀਪਕ ਉਰਫ਼ ਦੀਪੂ ਨਾਲ ਬਸੰਤ ਨਗਰ ਵਿੱਚ ਅਲੱਗ ਰਹਿੰਦੀ ਸੀ। ਬੀਤੇ ਦਿਨ ਉਸਨੂੰ ਸੁਚਨਾ ਮਿਲੀ ਕਿ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ।
ਜਦੋਂ ਉਹ ਆਪਣੇ ਦੋਸਤ ਨਾਲ ਮੌਕੇ ’ਤੇ ਪਹੁੰਚਿਆ ਤਾਂ ਉਸਨੂੰ ਮਾਮਲਾ ਸ਼ੱਕੀ ਲੱਗਾ। ਆਲੇ ਦੁਆਲੇ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਸਦੇ ਪੁੱਤਰ ਪਰਵਿੰਦਰ ਸਿੰਘ ਨੇ ਹੀ ਸਵੇਰੇ ਸਮੇਂ ਆਪਣੀ ਮਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਪੋਸਟਮਾਰਟਮ ਲਈ ਕਾਰਵਾਈ ਕਰਵਾ ਰਿਹਾ ਸੀ, ਤਾਂ ਇਸ ਦੌਰਾਨ ਦੋਸ਼ੀ ਪੁੱਤਰ ਮੌਕੇ ’ਤੇ ਆ ਗਿਆ ਅਤੇ ਉਸ ਨਾਲ ਵੀ ਗਾਲੀ-ਗਲੌਚ ਕਰਦੇ ਹੋਏ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਡਰ ਕਰ ਮੌਕੇ ਤੋਂ ਭੱਜ ਗਿਆ।
ਇਸ ਸੰਬੰਧ ਵਿੱਚ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਮੁਲਜਮ ਪਰਵਿੰਦਰ ਸਿੰਘ ਉਰਫ਼ ਦੀਪਕ ਉਰਫ਼ ਦੀਪੂ ਖ਼ਿਲਾਫ਼ ਧਾਰਾ 103 ਬੀਐਨਐਸ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਹੋਰ ਤੱਥ ਸਾਹਮਣੇ ਆ ਸਕਦੇ ਹਨ।
ਇਹ ਘਟਨਾ ਨਾ ਸਿਰਫ਼ ਪਰਿਵਾਰਕ ਰਿਸ਼ਤਿਆਂ ’ਤੇ ਸਵਾਲ ਖੜੇ ਕਰਦੀ ਹੈ, ਸਗੋਂ ਸਮਾਜ ਵਿੱਚ ਵਧ ਰਹੀ ਅਸਹਿਨਸ਼ੀਲਤਾ ਅਤੇ ਨੈਤਿਕ ਪਤਨ ਨੂੰ ਵੀ ਉਜਾਗਰ ਕਰਦੀ ਹੈ।
ਮਾਂ ਤੇ ਬੈਠ ਕੇ ਗਰਦਨ ਤੇ ਮਾਰੇ ਮੁੱਕੇ
ਜਾਣਕਾਰੀ ਦਿੰਦਿਆਂ ਥਾਣਾ ਡਾਬਾ ਦੇ ਇੰਚਾਰਜ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁਢਲੀ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਮਾਂ ਨਾਲ ਹੋਈ ਮਾਮੂਲੀ ਬਹਿਸ ਤੋਂ ਬਾਅਦ ਮੁਲਜਮ ਬੁਰੀ ਤਰ੍ਹਾਂ ਭੜਕ ਗਿਆ ਅਤੇ ਉਸਨੇ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਦੇ ਮੁਤਾਬਕ ਹੈਵਾਨ ਬਣੇ ਨੌਜਵਾਨ ਨੇ ਆਪਣੀ ਮਾਂ ਨੂੰ ਜਮੀਨ ਤੇ ਸੁੱਟ ਦਿੱਤਾ ਅਤੇ ਮੁਲਜਮ ਔਰਤ ਦੇ ਉੱਪਰ ਬੈਠ ਗਿਆ ਅਤੇ ਉਸਦੀ ਗਰਦਨ ਤੇ ਮੁੱਕੇ ਮਾਰਨੇ ਸ਼ੁਰੂ ਕੀਤੇ। ਦਰਦ ਨਾ ਸਹਿੰਦੀ ਹੋਈ ਔਰਤ ਬੇਸੁੱਧ ਹੋ ਗਈ ਅਤੇ ਕੁਝ ਸਮੇਂ ਬਾਅਦ ਉਸਨੇ ਦਮ ਤੋੜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੁਲਜਮ ਕੋਲੋਂ ਲਗਾਤਾਰ ਪੁੱਛਗਿਛ ਕੀਤੀ ਜਾ ਰਹੀ ਹੈ। ਤਫਤੀਸ਼ ਦੇ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ।