ਸਫ਼ਾਈ ਕਾਮਿਆਂ ਵੱਲੋਂ ਜਗਰਾਓਂ ਰੇਲਵੇ ਪੁਲ਼ ’ਤੇ ਚੱਕਾ ਜਾਮ
ਸੜਕਾਂ ’ਤੇ ਉਤਰੇ ਸਫ਼ਾਈ ਕਾਮਿਆਂ ਵੱਲੋਂ ਜਗਰਾਓਂ ਰੇਲਵੇ ਪੁਲ਼ ’ਤੇ ਚੱਕਾ ਜਾਮ
Publish Date: Mon, 12 Jan 2026 08:21 PM (IST)
Updated Date: Tue, 13 Jan 2026 04:13 AM (IST)

ਸਮਾਜ-ਸੇਵੀ ਸੰਸਥਾਵਾਂ ਦੇ ਆਗੂ ਵੀ ਧਰਨੇ ’ਚ ਹੋਏ ਸ਼ਾਮਿਲ ਸਾਰਿਆਂ ਨੇ ਮਿਲ ਕੇ ਜਗਰਾਓਂ ਦੇ ਹਾਕਮਾਂ ਅਤੇ ਪ੍ਰਸ਼ਾਸਨ ਨੂੰ ਕੋਸਿਆ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਸੜਕਾਂ ’ਤੇ ਉੱਤਰੇ ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਨੇ ਰੇਲਵੇ ਪੁਲ਼ ’ਤੇ ਚੱਕਾ ਜਾਮ ਕਰ ਦਿੱਤਾ। ਕੂੜਾ ਸੁੱਟਣ ਲਈ ਜਗ੍ਹਾ ਦੇ ਪ੍ਰਬੰਧ ਦੀ ਮੰਗ ਕਰ ਰਹੇ ਸਫ਼ਾਈ ਕਾਮਿਆਂ ਦੇ ਹੱਕ ਵਿਚ ਆਏ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਵੀ ਸ਼ਹਿਰ ਦੇ ਹਾਕਮਾਂ ਤੇ ਸੁੱਤੇ ਪਏ ਪ੍ਰਸ਼ਾਸਨ ਨੂੰ ਰੱਜ ਕੇ ਕੋਸਿਆ। ਬੁਲਾਰਿਆਂ ਨੇ ਕੂੜੇ ਦੀ ਲੰਮੀ ਸਮੱਸਿਆ ’ਤੇ ਹਾਕਮਾਂ ਤੇ ਪ੍ਰਸ਼ਾਸਨ ਦੀ ਕੁੰਭਕਰਨੀਂ ਨੀਂਦ ’ਤੇ ਲਾਹਨਤਾਂ ਪਾਉਂਦਿਆਂ ਇਥੋਂ ਤਕ ਕਹਿ ਦਿੱਤਾ ਕਿ ਇਹ ਨਲਾਇਕ ਅਤੇ ਗੈਰ ਜਿੰਮੇਵਾਰ ਹਨ। ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਵੱਲੋਂ ਸਥਾਨਕ ਨਗਰ ਕੌਂਸਲ ਦਫ਼ਤਰ ਤੋਂ ਜ਼ੋਰਦਾਰ ਨਾਅਰੇਬਾਜ਼ੀ ਵਿਚ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਸ਼ਹਿਰ ਦੇ ਬਾਜ਼ਾਰਾਂ ਵਿਚ ਜਗਰਾਓਂ ਦੇ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਕੋਸਦਾ ਹੋਇਆ ਸਥਾਨਕ ਰੇਲਵੇ ਪੁਲ਼ ’ਤੇ ਪੁੱਜਾ। ਜਿੱਥੇ ਵੱਡੇ ਇਕੱਠ ਨੇ ਰੇਲਵੇ ਪੁਲ਼ ’ਤੇ ਚੱਕਾ ਜਾਮ ਕਰਦਿਆਂ ਧਰਨਾ ਦੇ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਗਰਾਓਂ ਨਗਰ ਕੌਂਸਲ ਸਾਲਾਂ ਤੋਂ ਸ਼ਹਿਰ ਦੇ ਕੂੜੇ ਦੀ ਸਮੱਸਿਆ ਦੇ ਹੱਲ ਕਰਨ ਵਿਚ ਅਸਫਲ ਰਹੀ ਹੈ। ਅੱਜ ਹਾਲਾਤ ਇਹ ਬਣ ਗਏ ਹਨ ਕਿ ਨਗਰ ਕੌਂਸਲ ਕੋਲ ਸ਼ਹਿਰ ਭਰ ਵਿਚੋਂ ਗਲੀਆਂ-ਮੁਹੱਲਿਆਂ ’ਚੋਂ ਇਕੱਠਾ ਕੀਤਾ ਜਾਂਦਾ ਕੂੜਾ ਸੁੱਟਣ ਲਈ ਕੋਈ ਥਾਂ ਨਹੀਂ ਰਹੀ। ਜਿਸ ਕਾਰਨ ਸਫ਼ਾਈ ਕਾਮਿਆਂ ਵੱਲੋਂ ਮਜ਼ਬੂਰਨ ਸ਼ਹਿਰ ਦਾ ਕੂੜਾ ਚੁੱਕਣਾ ਬੰਦ ਕਰਨਾ ਪਿਆ। ਅੱਜ ਇਸ ਗੱਲ ਨੂੰ ਵੀ ਕਈ ਦਿਨ ਬੀਤ ਚੁੱਕੇ ਹਨ ਪਰ ਇਸ ਦੇ ਬਾਵਜੂਦ ਨਗਰ ਕੌਂਸਲ ਨੇ ਕੋਈ ਸੁੱਧ ਨਹੀਂ ਲਈ। ਉਨ੍ਹਾਂ ਕਿਹਾ ਕਿ ਇਹੀ ਨਹੀਂ ਸਥਾਨਕ ਪ੍ਰਸ਼ਾਸਨ ਵੀ ਇਸ ਮੁੱਦੇ ’ਤੇ ਪਾਸਾ ਵੱਟੀ ਬੈਠਾ ਹੈ। ਜਿਸ ਕਾਰਨ ਸ਼ਹਿਰੀ ਪਰੇਸ਼ਾਨ ਹਨ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਜਗਰਾਓਂ ਦੇ ਹਾਕਮ, ਪ੍ਰਸ਼ਾਸਨ ਅਤੇ ਕੌਂਸਲਰ ਤਿੰਨੋਂ ਹੀ ਨਿਕੰਮੇ ਸਾਬਤ ਹੋ ਰਹੇ ਹਨ। ਇਨ੍ਹਾਂ ਨੇ ਸ਼ਹਿਰ ਦੇ ਵਿਕਾਸ ਦੇ ਨਾਮ ’ਤੇ ਇੱਕ ਇੱਟ ਤਕ ਲਗਾਉਣੀ ਤਾਂ ਦੂਰ, ਸ਼ਹਿਰ ਦੀ ਸਾਫ਼ ਸਫ਼ਾਈ, ਕੂੜੇ ਦੀ ਸਮੱਸਿਆ ਨੂੰ ਲੈ ਕੇ ਵੱਡੇ ਵੱਡੇ ਫੋਕੇ ਦਾਅਵੇ ਕਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਹੈ। ਅੱਜ ਸ਼ਹਿਰ ਵਿਚ ਮਹਾਮਾਰੀ ਫੈਲਣ ਵਰਗੇ ਖ਼ਤਰਨਾਕ ਹਾਲਾਤ ਬਣੇ ਹੋਏ ਹਨ ਪਰ ਇਹ ਸਾਰੇ ਸੁੱਤੇ ਦੇ ਸੁੱਤੇ ਪਏ ਹਨ। ਇਸ ਦੌਰਾਨ ਜਗਰਾਓਂ ਦੇ ਈਓ ਮੋਹਿਤ ਸ਼ਰਮਾ ਧਰਨਾਕਾਰੀਆਂ ਵਿਚ ਪੁੱਜੇ। ਉਨ੍ਹਾਂ ਅੱਜ ਹੀ ਬਤੌਰ ਕਾਰਜਸਾਧਕ ਅਫਸਰ ਅਹੁਦਾ ਸੰਭਾਲਣ ਦਾ ਆਖਦਿਆਂ ਇੱਕ ਹਫ਼ਤੇ ਵਿਚ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਇਹ ਧਰਨਾ ਸਮਾਪਤ ਹੋਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ, ਸਮਾਜ ਸੇਵੀ ਰਾਜਿੰਦਰ ਜੈਨ ਕਾਕਾ, ਭਾਜਪਾ ਆਗੂ ਡਾ. ਰਾਜਿੰਦਰ ਸ਼ਰਮਾ, ਸੁੱਖ ਜਗਰਾਓਂ, ਕੁਲਵੰਤ ਸਹੋਤਾ, ਬਲਦੇਵ ਜਗਰਾਓਂ, ਬਲਵਿੰਦਰ ਸਿੰਘ, ਮਦਨ ਲਾਲ, ਅਮਿਤ ਅਰੋੜਾ, ਸਤਪਾਲ ਦੇਹੜਕਾ, ਕੰਚਨ ਗੁਪਤਾ, ਅਮਿਤ ਕਲਿਆਣ, ਰਿੰਪੀ ਲੱਧੜ, ਸਰਪੰਚ ਬਲਵਿੰਦਰ ਸਿੰਘ, ਰਾਜਿੰਦਰ ਕੁਮਾਰ, ਪ੍ਰਦੀਪ ਕੁਮਾਰ, ਰਾਜ ਕੁਮਾਰ, ਸ਼ਾਮ ਲਾਲ, ਬਲਵਿੰਦਰ ਕਲਿਆਣ, ਭੂਸ਼ਣ ਗਿੱਲ, ਵਿਕਰਮ ਗਿੱਲ ਅਤੇ ਸੰਦੀਪ ਕੁਮਾਰ ਆਦਿ ਹਾਜ਼ਰ ਸਨ।