Jagraon News : ਚਾਈਨਾ ਡੋਰ ਦਾ ਸ਼ਿਕਾਰ ਬਣੀ ਸਕੂਟਰੀ ’ਤੇ ਜਾ ਰਹੀ ਔਰਤ, ਲਪੇਟ ’ਚ ਆਉਣ ਨਾਲ ਮੌਤ
ਮੁੱਲਾਂਪੁਰ ਦਾਖਾ ’ਚ ਰਾਏਕੋਟ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਐਤਵਾਰ ਸ਼ਾਮ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਇਕ ਔਰਤ ਦਾ ਗਲ਼ਾ ਵੱਢਿਆ ਗਿਆ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਖ਼ਰੀਦਦਾਰੀ ਲਈ ਬਾਜ਼ਾਰ ਜਾ ਰਹੀ ਸੀ।
Publish Date: Sun, 25 Jan 2026 10:55 PM (IST)
Updated Date: Sun, 25 Jan 2026 10:59 PM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਮੁੱਲਾਂਪੁਰ ਦਾਖਾ ’ਚ ਰਾਏਕੋਟ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਐਤਵਾਰ ਸ਼ਾਮ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਇਕ ਔਰਤ ਦਾ ਗਲ਼ਾ ਵੱਢਿਆ ਗਿਆ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਖ਼ਰੀਦਦਾਰੀ ਲਈ ਬਾਜ਼ਾਰ ਜਾ ਰਹੀ ਸੀ। ਮ੍ਰਿਤਕਾ ਦੀ ਪਹਿਚਾਣ ਸਰਬਜੀਤ ਕੌਰ ਉਰਫ ਜਸਲੀਨ ਕੌਰ ਪਤਨੀ ਮਨਦੀਪ ਸਿੰਘ ਵਾਸੀ ਪਿੰਡ ਅਕਾਲਗੜ੍ਹ ਵਜੋਂ ਹੋਈ ਹੈ। ਉਹ ਮੁੱਲਾਂਪੁਰ ਦਾਖਾ ਦੇ ਰਾਏਕੋਟ ਰੋਡ ’ਤੇ ਇਕ ਫੂਡ ਪੁਆਇੰਟ ਚਲਾਉਂਦੀ ਸੀ।
ਜਾਣਕਾਰੀ ਮੁਤਾਬਕ, ਸਰਬਜੀਤ ਕੌਰ ਆਪਣੀ ਸਕੂਟਰੀ ’ਤੇ ਰਾਏਕੋਟ ਰੋਡ ਬਾਜ਼ਾਰ ਵੱਲ ਜਾ ਰਹੀ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਦੇ ਨੇੜਿਓਂ ਲੰਘ ਰਹੀ ਸੀ ਤਾਂ ਅਚਾਨਕ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ ਉਸ ਦੇ ਗਲ਼ੇ ਦੁਆਲੇ ਲਿਪਟ ਗਈ। ਤੇਜ਼ ਧਾਰ ਵਾਲੀ ਡੋਰ ਨਾਲ ਉਸ ਦਾ ਗਲ਼ਾ ਬੁਰੀ ਤਰ੍ਹਾਂ ਵੱਢਿਆ ਗਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਤੇ ਸਕੂਟਰੀ ਤੋਂ ਡਿੱਗ ਪਈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਦੀਪਾ ਢੱਟ ਤੇ ਮਨਦੀਪ ਢੱਟ ਨੇ ਮਨੁੱਖਤਾ ਦਾ ਫ਼ਰਜ਼ ਨਿਭਾਉਂਦੇ ਹੋਏ ਉਸ ਨੂੰ ਆਪਣੀ ਗੱਡੀ ’ਚ ਇਕ ਨਿੱਜੀ ਹਸਪਤਾਲ ਪਹੁੰਚਾਇਆ।
ਉੱਥੇ ਡਾਕਟਰ ਮੌਜੂਦ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਇਕ ਵੱਡੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ’ਚ ਹੀ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਦਾ ਦੋ ਸਾਲਾ ਬੱਚਾ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਅਤੇ ਇਸ ਖ਼ਤਰਨਾਕ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।