Jagraon News : ਸਵੇਰੇ ਫਾਇਰਿੰਗ ਤੇ ਸ਼ਾਮ ਨੂੰ ਫੋਨ ਕਰ ਕੇ ਮੰਗੀ ਦੋ ਕਰੋੜ ਰੁਪਏ ਦੀ ਫਿਰੌਤੀ; ਕੌਸ਼ਲ ਚੌਧਰੀ, ਪਵਨ ਸ਼ੌਕੀਨ ਤੇ ਮੁਹੱਬਤ ਰੰਧਾਵਾ ਨਾਮਜ਼ਦ
ਬੱਦੋਵਾਲ ਮਿਲਟਰੀ ਕੈਂਪ ਸਾਹਮਣੇ ਰਾਇਲ ਲਿਮੋਜ਼ ਰੈਂਟਲ ਕਾਰਾਂ ਦੇ ਸ਼ੋਅਰੂਮ ’ਤੇ ਸਵੇਰੇ ਫਾਇਰਿੰਗ ਤੇ ਸ਼ਾਮ ਨੂੰ ਫੋਨ ਕਰ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਇਸ ਵਾਰਦਾਤ ’ਚ ਪੁਲਿਸ ਵੱਲੋਂ ਦਰਜ ਐੱਫਆਈਆਰ ਵਿਚ ਗੈਂਗਸਟਰ ਕੌਸ਼ਲ ਚੌਧਰੀ, ਪਵਨ ਸ਼ੌਕੀਨ ਤੇ ਮੁਹੱਬਤ ਰੰਧਾਵਾ ਨੂੰ ਨਾਮਜ਼ਦ ਕੀਤਾ ਗਿਆ।
Publish Date: Tue, 13 Jan 2026 10:13 PM (IST)
Updated Date: Tue, 13 Jan 2026 10:17 PM (IST)
ਸਟਾਫ ਰਿਪੋਰਟਰ ਪੰਜਾਬੀ ਜਾਗਰਣ, ਜਗਰਾਓਂ : ਬੱਦੋਵਾਲ ਮਿਲਟਰੀ ਕੈਂਪ ਸਾਹਮਣੇ ਰਾਇਲ ਲਿਮੋਜ਼ ਰੈਂਟਲ ਕਾਰਾਂ ਦੇ ਸ਼ੋਅਰੂਮ ’ਤੇ ਸਵੇਰੇ ਫਾਇਰਿੰਗ ਤੇ ਸ਼ਾਮ ਨੂੰ ਫੋਨ ਕਰ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਇਸ ਵਾਰਦਾਤ ’ਚ ਪੁਲਿਸ ਵੱਲੋਂ ਦਰਜ ਐੱਫਆਈਆਰ ਵਿਚ ਗੈਂਗਸਟਰ ਕੌਸ਼ਲ ਚੌਧਰੀ, ਪਵਨ ਸ਼ੌਕੀਨ ਤੇ ਮੁਹੱਬਤ ਰੰਧਾਵਾ ਨੂੰ ਨਾਮਜ਼ਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ 10 ਜਨਵਰੀ ਦੀ ਸਵੇਰ 10.30 ਵਜੇ ਰਾਇਲ ਲਿਮੋਜ਼ ਕਾਰਾਂ ਦੇ ਸ਼ੋਅ ਰੂਮ ’ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ 8-9 ਫਾਇਰ ਕੀਤੇ ਗਏ, ਜਿਸ ਵਿਚ ਕਾਰ ਸ਼ੋਅ ਰੂਮ ਮੁਲਾਜ਼ਮ ਮੰਗਲ ਵਾਲ-ਵਾਲ ਬਚਿਆ। ਇਸ ਘਟਨਾ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਹੀ ਕੀਤੀ ਗਈ ਸੀ ਕਿ ਸ਼ਾਮ ਕਰੀਬ 4.30 ਵਜੇ ਸ਼ੋਅ ਰੂਮ ਦੇ ਮਾਲਕ ਨੂੰ ਇੱਕ ਵਿਦੇਸ਼ੀ ਵਟਸਐਪ ਨੰਬਰ ਤੋਂ ਕਾਲ ਆਈ, ਜਿਸ ਨੇ 2 ਕਰੋੜ ਦੀ ਫਿਰੌਤੀ ਮੰਗੀ। ਜ਼ਿਕਰਯੋਗ ਹੈ ਕਿ ਵਾਰਦਾਤ ਵਾਲੇ ਦਿਨ ਫਾਇਰਿੰਗ ਕਰਨ ਵਾਲੇ ਪਵਨ ਸ਼ੌਕੀਨ ਤੇ ਮੁਹੱਬਤ ਰੰਧਾਵਾ ਦੇ ਨਾਮ ਲਿਖੀਆਂ ਪਰਚੀਆਂ ਵੀ ਸੁੱਟ ਕੇ ਗਏ ਸਨ।
ਹਾਲਾਂਕਿ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਸੇ ਵੀ ਫਿਰੌਤੀ ਦੀ ਕਾਲ ਆਉਣ ਤੋਂ ਇਨਕਾਰ ਕੀਤਾ ਸੀ ਪਰ ਅੱਜ ਗੈਂਗਸਟਰ ਕੌਸ਼ਲ ਚੌਧਰੀ ਨੂੰ ਰਿਮਾਂਡ ’ਤੇ ਲਿਆਉਣ ਤੋਂ ਤਿੰਨਾਂ ਨੂੰ ਮੁਕੱਦਮੇ ਵਿਚ ਨਾਮਜ਼ਦ ਕਰਨ ਦਾ ਵੀ ਖੁਲਾਸਾ ਹੋ ਗਿਆ। ਮੁੱਲਾਂਪੁਰ ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕੌਸ਼ਲ ਨੂੰ ਰਿਮਾਂਡ ’ਤੇ ਲਿਆ ਗਿਆ ਹੈ। ਇਸ ਮਾਮਲੇ ’ਚ ਪੁੱਛਗਿੱਛ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।