ਸਿਵਲ ਹਸਪਤਾਲ ਦੀ ਓਪੀਡੀ ਬੰਦ ਦੇ ਬਰਾਬਰ
ਜਗਰਾਓਂ ਸਿਵਲ ਹਸਪਤਾਲ ਦੀ ਓਪੀਡੀ ਬੰਦ ਬਰਾਬਰ
Publish Date: Mon, 01 Dec 2025 07:09 PM (IST)
Updated Date: Mon, 01 Dec 2025 07:11 PM (IST)

- ਕਈ ਡਾਕਟਰ 10 ਵਜੇ ਤਕ ਨਾ ਪਹੁੰਚੇ - ਬਹੁਤੇ ਡਾਕਟਰਾਂ ਨੂੰ ਡੈਪੋਟੇਸ਼ਨ ’ਤੇ ਹੋਰਨਾਂ ਹਸਪਤਾਲਾਂ ’ਚ ਭੇਜਿਆ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦਾ ਆਧੁਨਿਕ ਸਿਵਲ ਹਸਪਤਾਲ ਦੀ ਓਪੀਡੀ ਬੰਦ ਬਰਾਬਰ ਹੈ। ਇਸ ਹਸਪਤਾਲ ’ਚ ਡਾਕਟਰਾਂ ਦੇ ਮਨਮਾਨੀ ਨਾਲ ਆਉਣ ਕਾਰਨ ਜਿੱਥੇ ਮਰੀਜ਼ ਠੰਢ ਵਿਚ ਠੁਰ ਠੁਰ ਕਰਦੇ ਡਾਕਟਰਾਂ ਦੇ ਆਉਣ ਦਾ ਘੰਟੇਬੱਦੀ ਇੰਤਜ਼ਾਰ ਕਰਨ ਲਈ ਮਜ਼ਬੂਰ ਹਨ, ਉੱਥੇ ਹਸਪਤਾਲ ਦੇ ਬਹੁਤੇ ਡਾਕਟਰਾਂ ਦੀ ਡੈਪੋਟੇਸ਼ਨ ’ਤੇ ਹੋਰਨਾਂ ਹਸਪਤਾਲਾਂ ਵਿਚ ਡਿਊਟੀ ਲੱਗਣ ਕਾਰਨ ਮਰੀਜ਼ ਬਿਨਾਂ ਇਲਾਜ ਹੀ ਬੇਰੰਗ ਪਰਤ ਰਹੇ ਹਨ। ਸੋਮਵਾਰ ਨੂੰ ਹਸਪਤਾਲ ਖੁੱਲ੍ਹਣ ਦੇ ਸਮਾਂ ਸਵੇਰੇ 9 ਵਜੇ ਤੋਂ ਡਾਕਟਰਾਂ ਦਾ ਇੰਤਜ਼ਾਰ ਕਰ ਰਹੇ ਮਰੀਜ਼ਾਂ ਨੇ ਸਵੇਰੇ 10 ਵਜੇ ਮੀਡੀਆ ਨੂੰ ਫੋਨ ਕਰਕੇ ਸੂਚਿਤ ਕੀਤਾ। ਜਦੋਂ ਮੀਡੀਆ ਜਗਰਾਓਂ ਸਿਵਲ ਹਸਪਤਾਲ ਦੀ ਓਪੀਡੀ ਪੁੱਜਾ ਤਾਂ ਹਸਪਤਾਲ ’ਚ ਠੰਡ ਨਾਲ ਠੁਰ ਠੁਰ ਕਰਦੇ ਮਰੀਜ਼ਾਂ ਨੇ ਦੱਸਿਆ ਕਿ ਪੂਰੀ ਓਪੀਡੀ ਵਿਚ ਸਿਰਫ ਹੱਡੀਆਂ ਅਤੇ ਸਰਜਨ ਡਾਕਟਰ ਹੀ ਮੌਜੂਦ ਹਨ। ਜਦਕਿ ਬਾਕੀ ਸਾਰੀ ਓਪੀਡੀ ਖਾਲੀ ਪਈ ਹੈ। ਉਹ ਪਿਛਲੇ ਇੱਕ ਘੰਟੇ ਤੋਂ ਓਪੀਡੀ ’ਚ ਡਾਕਟਰਾਂ ਦੇ ਖਾਲੀ ਪਏ ਕੈਬਿਨਾਂ ਦੇ ਬਾਹਰ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਓਪੀਡੀ ਵਿਚ ਮੈਡੀਸਨ, ਅੱਖਾਂ, ਸਕਿਨ, ਨੱਕ, ਕੰਨ, ਗਲੇ ਦੇ ਮਾਹਰਾਂ ਸਮੇਤ ਕੋਈ ਵੀ ਡਾਕਟਰ ਮੌਜੂਦ ਨਹੀਂ ਹੈ। ਅਜਿਹੇ ਵਿਚ ਇਹ ਡਾਕਟਰ ਆਉਣਗੇ ਜਾਂ ਨਹੀਂ ਬਾਰੇ ਵੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਲਾਈ ਗਈ। ਮਰੀਜ਼ ਨਾਲ ਆਏ ਰਿਸ਼ਤੇਦਾਰਾਂ ’ਚ ਦਲੀਪ ਸਿੰਘ, ਗੌਰਵ, ਨਵੀਨ, ਅਮਿਤ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਜਗਰਾਓਂ ਸਿਵਲ ਹਸਪਤਾਲ ’ਚ ਖਾਲੀ ਓਪੀਡੀ ਦਾ ਸਿਲਸਿਲਾ ਕੋਈ ਪਹਿਲੀ ਵਾਰ ਨਹੀਂ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਘੰਟੇਬੱਦੀ ਡਾਕਟਰਾਂ ਦੇ ਇੰਤਜ਼ਾਰ ਵਿਚ ਬੈਠੇ ਰਹੇ ਹਨ। ਫਿਰ ਪਤਾ ਲੱਗਦਾ ਹੈ ਕਿ ਡਾਕਟਰ ਨੇ ਤਾਂ ਅੱਜ ਆਉਣਾ ਹੀ ਨਹੀਂ। -------- - ਐੱਸਐੱਮਓ ਨੇ ਮੰਨਿਆ ਡਾਕਟਰਾਂ ਦੀਆਂ ਡਿਊਟੀਆਂ ਲੱਗੀਆਂ ਬਾਹਰ ਜਗਰਾਓਂ ਸਿਵਲ ਹਸਪਤਾਲ ਦੇ ਡਾਕਟਰ ਗੁਰਵਿੰਦਰ ਕੌਰ ਨੇ ਮੰਨਿਆ ਕਿ ਅੱਜ ਓਪੀਡੀ ਵਿਚ ਕਾਫੀ ਡਾਕਟਰ ਨਹੀਂ ਸਨ। ਜਿਸ ਦਾ ਕਾਰਨ ਕੁਝ ਕੁ ਡਾਕਟਰ ਕਿਸੇ ਸਮੱਸਿਆ ਕਾਰਨ ਲੇਟ ਪਹੁੰਚੇ ਅਤੇ ਬਹੁਤੇ ਡਾਕਟਰਾਂ ਦੀ ਡੈਪੋਟੇਸ਼ਨ ’ਤੇ ਡਿਊਟੀਆਂ ਹੋਰਾਂ ਹਸਪਤਾਲਾਂ ਵਿਚ ਲੱਗੀਆਂ ਹੋਈਆਂ ਹਨ। ਜਿਨ੍ਹਾਂ ਵਿਚ ਐਮਡੀ ਮੈਡੀਸਨ ਡਾਕਟਰ ਦੀ ਡਿਊਟੀ ਤਿੰਨ ਦਿਨ ਲੁਧਿਆਣਾ, ਅੱਖਾਂ ਦੇ ਮਾਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਜਗਰਾਓਂ ਆਉਂਦੇ ਹਨ। ਸਕਿਨ ਦੇ ਮਾਹਰ ਡਾਕਟਰ ਸਿਰਫ਼ ਇੱਕ ਦਿਨ ਜਗਰਾਓਂ ਸਿਵਲ ਹਸਪਤਾਲ ਆਉਂਦੇ ਹਨ, ਜਦਕਿ 6 ਦਿਨ ਉਨ੍ਹਾਂ ਦੀ ਡਿਊਟੀ ਦੋਰਾਹਾ ਲੱਗੀ ਹੋਈ ਹੈ। --------- - ਵਿਧਾਇਕਾ ਵੱਲੋਂ ਡਾਕਟਰਾਂ ਨੂੰ ਸਮੇਂ ਸਿਰ ਆਉਣ ਦੇ ਨਿਰਦੇਸ਼ ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਡਾਕਟਰਾਂ ਦੀ ਹਾਜ਼ਰੀ ਚੈਕ ਕਰਦਿਆਂ ਕਈ ਡਾਕਟਰਾਂ ਦੀ ਲੇਟ ਲਤੀਫ਼ੀ ’ਤੇ ਇਤਰਾਜ਼ ਜਿਤਾਇਆ। ਉਨ੍ਹਾਂ ਐੱਸਐੱਮਓ ਡਾ. ਗੁਰਵਿੰਦਰ ਕੌਰ ਨੂੰ ਕੱਲ੍ਹ ਤੋਂ ਹੀ ਸਾਰੇ ਡਾਕਟਰਾਂ ਦੇ ਸਮੇਂ ਸਿਰ ਹਸਪਤਾਲ ਪਹੁੰਚਣ ਅਤੇ ਸਮੇਂ ਸਿਰ ਓਪੀਡੀ ਵਿਚ ਮਰੀਜ਼ਾਂ ਦਾ ਚੈਕਅਪ ਸ਼ੁਰੂ ਕਰਨ ਨੂੰ ਯਕੀਨੀ ਬਨਾਉਣ ਦੇ ਨਿਰਦੇਸ਼ ਦਿੱਤੇ। -------- - ਘੰਟਾ ਪਹਿਲਾਂ ਲੇਟ, ਫਿਰ ਇੱਕ ਘੰਟਾ ਲੜਾਉਂਦੇ ਗੱਪਸ਼ਪ ਜਗਰਾਓਂ ਸਿਵਲ ਹਸਪਤਾਲ ਦੇ ਕਈ ਡਾਕਟਰ ਰੋਜ਼ਾਨਾ ਹੀ ਇੱਕ ਘੰਟਾ ਦੇਰੀ ਨਾਲ ਬੋਹੜਦੇ ਹਨ। ਇੱਕ ਘੰਟਾ ਲੇਟ ਆਉਣ ਤੋਂ ਬਾਅਦ ਵੀ ਮਰੀਜ਼ਾਂ ਦਾ ਚੈਕਅਪ ਸ਼ੁਰੂ ਨਹੀਂ ਹੁੰਦਾ। ਇਹ ਲੇਟ ਲਤੀਫ਼ ਡਾਕਟਰ ਫਿਰ ਐੱਸਐੱਮਓ ਦੇ ਦਫ਼ਤਰ ਜਾ ਡੇਰਾ ਲਾ ਲੈਂਦੇ ਹਨ। ਇਥੇ ਇੱਕ ਘੰਟਾ ਰੋਜ਼ਾਨਾ ਗੱਪਸ਼ੱਪ ਲੜਾਉਣ ਦਾ ਸਿਲਸਿਲਾ ਚੱਲਦਾ ਹੈ। ਫਿਰ ਕਿਤੇ ਜਾ ਕੇ ਮਰੀਜ਼ਾਂ ਨੂੰ ਇਨ੍ਹਾਂ ਲੇਟ ਲਤੀਫ਼ ਡਾਕਟਰਾਂ ਦੇ ਦਰਸ਼ਨ ਹੁੰਦੇ ਹਨ।