ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਆਸਟ੍ਰੇਲੀਆ ਤੋਂ ਚੱਲ ਰਹੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼
ਐੱਸਐੱਸਪੀ ਗਗਨਅਜੀਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਖੇਤ ਵਿੱਚੋਂ ਮਿਲੇ ਬੰਡਲ ਵਿੱਚੋਂ 20 ਪੈਕੇਟ ਮਿਲੇ, ਜਿਨ੍ਹਾਂ ਵਿੱਚ 10 ਕਿਲੋ 950 ਗ੍ਰਾਮ ਹੈਰੋਇਨ ਸੀ। ਸ਼ੱਕ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਸੁੱਟੀ ਗਈ ਸੀ।
Publish Date: Tue, 26 May 2026 10:57 AM (IST)
Updated Date: Tue, 26 May 2026 11:01 AM (IST)
ਸੰਵਾਦ ਸਹਿਯੋਗੀ, ਜਾਗਰਣ, ਖੰਨਾ (ਲੁਧਿਆਣਾ) : ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ ਪੰਜ ਕਿਲੋ ਹੈਰੋਇਨ ਅਤੇ ਲਗਭਗ 1.50 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਨੈੱਟਵਰਕ ਨੂੰ ਆਸਟ੍ਰੇਲੀਆ ਵਿੱਚ ਬੈਠਾ ਗੁਰਜੰਟ ਸਿੰਘ ਉਰਫ਼ ਜੰਟਾ ਚਲਾ ਰਿਹਾ ਸੀ, ਜਦਕਿ ਪੰਜਾਬ ਵਿੱਚ ਉਸ ਦੇ ਸਾਥੀ ਨਸ਼ੇ ਦੀ ਸਪਲਾਈ ਕਰਦੇ ਸਨ। ਮਾਮਲੇ ਦੇ ਤਾਰ ਗੈਂਗਸਟਰ ਜੈਪਾਲ ਭੁੱਲਰ ਗੈਂਗ ਨਾਲ ਵੀ ਜੁੜੇ ਹੋਏ ਦੱਸੇ ਜਾ ਰਹੇ ਹਨ।
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 7 ਮਾਰਚ 2026 ਨੂੰ ਲੁਧਿਆਣਾ ਦੇ ਰਹਿਣ ਵਾਲੇ ਅਕਸ਼ੈ ਕੁਮਾਰ ਨੂੰ 301 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਅਕਸ਼ੈ ਇਹ ਖੇਪ ਵਿਸ਼ਾਲ ਅਤੇ ਸੰਜੀਵ ਕੁਮਾਰ ਉਰਫ਼ ਸੰਨੀ ਤੋਂ ਲਿਆਉਂਦਾ ਸੀ। ਜਾਂਚ ਦੌਰਾਨ ਗੁਰਜੰਟ ਸਿੰਘ ਅਤੇ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਦੇ ਨਾਮ ਸਾਹਮਣੇ ਆਏ। ਪੁਲਿਸ ਨੇ ਸੋਮਵਾਰ ਨੂੰ ਹਰਬੀਰ ਸਿੰਘ ਸੋਹਲ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਥਾਰ ਕਾਰ ਵਿਚੋਂ ਪੰਜ ਕਿਲੋ 100 ਗ੍ਰਾਮ ਹੈਰੋਇਨ ਅਤੇ ਕਰੀਬ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ।
ਫਾਜ਼ਿਲਕਾ ਸਰਹੱਦ ਨੇੜੇ ਖੇਤਾਂ ਵਿੱਚੋਂ 11 ਕਿਲੋ ਹੈਰੋਇਨ ਬਰਾਮਦ
ਉਧਰ, ਫਾਜ਼ਿਲਕਾ ਵਿੱਚ ਪੰਜਾਬ ਪੁਲਿਸ ਨੇ ਐਤਵਾਰ ਨੂੰ ਬੀਐੱਸਐੱਫ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸਰਹੱਦ ਨੇੜੇ ਖੇਤਾਂ ਵਿੱਚੋਂ ਕਰੀਬ 11 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਗਗਨਅਜੀਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਖੇਤ ਵਿੱਚੋਂ ਮਿਲੇ ਬੰਡਲ ਵਿੱਚੋਂ 20 ਪੈਕੇਟ ਮਿਲੇ, ਜਿਨ੍ਹਾਂ ਵਿੱਚ 10 ਕਿਲੋ 950 ਗ੍ਰਾਮ ਹੈਰੋਇਨ ਸੀ। ਸ਼ੱਕ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਸੁੱਟੀ ਗਈ ਸੀ।