ਰਾਜਪਾਲ ਵੱਲੋਂ 8 ਸ਼ਖਸ਼ੀਅਤਾਂ ਦਾ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨ
ਅਹਿਮ ਖ਼ਬਰ-ਐਲਐਮਏ ਦੇ 47ਵੇਂ ਸਮਾਰੋਹ ਦੌਰਾਨ ਰਾਜਪਾਲ ਵੱਲੋਂ 8 ਸ਼ਖਸ਼ੀਅਤਾਂ ਦਾ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨ
Publish Date: Fri, 12 Dec 2025 07:59 PM (IST)
Updated Date: Fri, 12 Dec 2025 08:00 PM (IST)

ਐੱਲਐਮਏ ਦੇ 47ਵੇਂ ਸਮਾਰੋਹ--ਮਾਨਚੈਸਟਰ ਆਫ਼ ਇੰਡੀਆ ਲੁਧਿਆਣਾ ਦਾ ਸਮਾਨ ਵਿਸ਼ਵ ਭਰ ਵਿੱਚ ਮਸ਼ਹੂਰ-ਰਾਜਪਾਲ ਕਟਾਰੀਆ -ਜਪਾਨ ਤੇ ਕੋਰੀਆ ਦੀਆਂ ਕਈ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਆ ਰਹੀਆਂ-ਸੰਜੀਵ ਅਰੋੜਾ ਫ਼ੋਟੋ ਨੰਬਰ-27,28,29 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ (ਐਲਐਮਏ) ਵੱਲੋਂ ਅੱਜ ਸਥਾਨਕ ਹੋਟਲ ਰੈਡੀਸੰਨ ਬਲਿਊ ਵਿਖੇ 47ਵਾਂ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ ਹੈ। ਸਮਾਗਮ ਵਿੱਚ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਮੁੱਖ ਮਹਿਮਾਨ ਵਜੋਂ ਪੁੱਜੇ। ਜਦਕਿ ਕੈਬਨਿਟ ਮੰਤਰੀ ਪੰਜਾਬ ਉਦਯੋਗ ਤੇ ਵਣਜ, ਨਿਵੇਸ਼ ਪ੍ਰਮੋਸ਼ਨ, ਬਿਜਲੀ ਤੇ ਐਨਆਰਆਈ ਮਾਮਲੇ ਸੰਜੀਵ ਅਰੋੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਵਾਗਤੀ ਸੰਬੋਧਨ ’ਚ ਪ੍ਰਧਾਨ ਹਰਪ੍ਰੀਤ ਕੌਰ ਕੰਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਐਲਐਮਏ ਦੇ ਹੁਣ ਤੱਕ ਦੇ ਸਫ਼ਰ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਐਲਐਮਏ ਵੱਲੋਂ ਸਮਾਜ ਦੀ ਭਲਾਈ ਲਈ ਕੀ ਕੁੱਝ ਕੀਤਾ ਜਾ ਰਿਹਾ ਹੈ। ਪ੍ਰਧਾਨ ਕੰਗ ਤੇ ਸੀਨੀਅਰ ਮੀਤ ਪ੍ਰਧਾਨ ਗੌਰਵ ਮੁੰਜਾਲ ਨੇ ਰਾਜਪਾਲ ਕਟਾਰੀਆ ਅਤੇ ਉਦਯੋਗ ਮੰਤਰੀ ਅਰੋੜਾ ਨੂੰ ਬੁੱਕੇ ਭੇਂਟ ਕੀਤੇ। ਸਮਾਗਮ ਦੌਰਾਨ ਜਿਹੜੀਆ 8 ਸਖ਼ਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਚੁਣਿਆ ਗਿਆ,ਉਸ ਕਮੇਟੀ ਦੇ ਚੇਅਰਮੈਨ ਵੀਕੇ ਗੋਇਲ ਨੇ ਸਾਰੀਆਂ ਸਖਸ਼ੀਅਤਾਂ ਨੂੰ ਮੰਚ ’ਤੇ ਬੁਲਾ ਕੇ ਸਨਮਾਨਿਤ ਕਰਵਾਇਆ। ਸਨਮਾਨਿਤ ਹੋਈਆਂ ਸਖਸ਼ੀਅਤਾਂ ਬਾਰੇ ਵੱਖ-ਵੱਖ ਮੈਂਬਰਾਂ ਨੇ ਵੇਰਵਾ ਪੜ੍ਹਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਉਹ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਸਖਸ਼ੀਅਤਾਂ ਨੂੰ ਵਧਾਈ ਦਿੰਦੇ ਹਨ ਅਤੇ ਹੋਰਨਾਂ ਨੂੰ ਚੰਗੇ ਕੰਮ ਕਰਨ ਦੀ ਅਪੀਲ ਕਰਦੇ ਹਨ,ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਵੀ ਸਨਮਾਨ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਬਚਪਨ ਤੋਂ ਦੇਖਦੇ ਆ ਰਹੇ ਹਨ ਕਿ ਪੰਜਾਬ ਉਦਯੋਗਿਕ ਖੇਤਰ ਵਿੱਚ ਨੰਬਰ ਇੱਕ ਹੈ ਅਤੇ ਪੰਜਾਬ ਦੇ ਲੁਧਿਆਣਾ ਨੂੰ ਮਾਨਚੈਸਟਰ ਆਫ਼ ਇੰਡੀਆ ਆਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ,ਤਾਂ ਮਸ਼ੀਨਰੀ ਨਿਰਮਾਣ, ਕਪੜੇ ਬਣਾਉਣ, ਸਾਈਕਲ,ਸਾਈਕਲ ਦੇ ਕਲਪੁਰਜ਼ੇ ਬਣਾਉਣ, ਟਰੈਕਟਰ ਬਣਾਉਣ ਤੋਂ ਲੈ ਕੇ ਹਰ ਖੇਤਰ ਵਿੱਚ ਲੁਧਿਆਣਾ ਪੂਰੇ ਵਿਸ਼ਵ ਭਰ ਵਿੱਚ ਮਸ਼ਹੂਰ ਹੈ। ਲੁਧਿਆਣਾ ਦੇ ਉਦਮੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਦੇਸ਼ ਤੇ ਵਿਦੇਸ਼ ਵਿੱਚ ਆਪਣਾ ਲੋਹਾ ਮਨਵਾਇਆ ਹੈ। ਰਾਜਪਾਲ ਨੇ ਕਿਹਾ ਕਿ ਅਸੀਂ ਦੇਸ਼ ਤੋਂ ਬਹੁਤ ਕੁੱਝ ਪ੍ਰਾਪਤ ਕੀਤਾ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਮਾਜ ਨੂੰ ਵੀ ਕੁੱਝ ਦੇਣ ਦਾ ਯਤਨ ਕਰੀਏ। ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਲਈ ਜਪਾਨ ਤੇ ਕੋਰੀਆ ਦੌਰਾ ਲਾਹੇਵੰਦ ਸਿੱਧ ਹੋਵੇਗਾ। ਕਿਉਂਕਿ ਜਪਾਨ ਤੇ ਕੋਰੀਆ ਦੀਆਂ ਕਈ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਆ ਰਹੀਆਂ ਹਨ। ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦੇ ਸਾਬਕਾ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਸੰਜੀਵ ਮਹਿਤਾ ਨੇ ਇੱਕ ਪ੍ਰੇਰਨਾਦਾਇਕ ਕੁੰਜੀਵਤ ਭਾਸ਼ਣ ਨਾਲ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਨੈਤਿਕ ਅਗਵਾਈ, ਨਵੀਨਤਾ ਤੇ ਚੁਸਤੀ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਦੀਆਂ ਸੂਝਵਾਨ ਟਿੱਪਣੀਆਂ ਨੇ ਸ਼ਾਮ ਲਈ ਇੱਕ ਸੋਚ-ਸਮਝ ਕੇ ਅਤੇ ਊਰਜਾਵਾਨ ਸੁਰ ਸਥਾਪਤ ਕੀਤੀ।ਇਸ ਮੌਕੇ ਪਦਮ ਸ੍ਰੀ ਉਂਕਾਰ ਸਿੰਘ ਪਾਹਵਾ, ਜੇਆਰ ਸਿੰਘਲ,ਗੁਰਮੀਤ ਸਿੰਘ ਕੁਲਾਰ, ਵਿਵੇਕ ਪ੍ਰਤਾਪ ਆਈਏਐਸ, ਡਾ.ਪੂਨਮਪ੍ਰੀਤ ਕੌਰ ਐਸਡੀਐਮ, ਜਸਕਿਰਨਜੀਤ ਸਿੰਘ ਤੇਜਾ ਡਿਪਟੀ ਕਮਿਸ਼ਨਰ ਪੁਲਿਸ ਆਦਿ ਹਾਜ਼ਰ ਸਨ। ਇਨ੍ਹਾਂ ਸਖਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ ਸਮਾਗਮ ਵਿੱਚ ਸਾਲ 2024 ਦਾ ਉੱਦਮੀ ਐਲਐਮਏ ਵਰਧਮਾਨ ਪੁਰਸਕਾਰ ਅਵਿਨਾਸ਼ ਗੁਪਤਾ ਪ੍ਰਬੰਧ ਨਿਰਦੇਸ਼ਕ ਆਰ ਐਨ ਗੁਪਤਾ ਐਂਡ ਕੰਪਨੀ ਲਿਮਟਿਡ ਨੂੰ, ਸਾਲ 2024 ਦਾ ਮੈਨੇਜਰ ਐਲਐਮਏ ਦਯਾਨੰਦ ਮੁੰਜਾਲ ਪੁਰਸਕਾਰ ਪੁਨੀਤ ਵਿਜ ਪ੍ਰਬੰਧਕ ਨਿਰਦੇਸ਼ਕ ਗ੍ਰੋਜ਼-ਬੇਕਰਟ ਕਾਰਡਿੰਗ ਇੰਡੀਆ ਪ੍ਰਾਈਵੇਟ ਲਿਮਿਟੇਡ ਨੂੰ, ਯੰਗ ਇਨੋਵੇਟਿਵ ਐਂਟਰਪ੍ਰੀਨਿਓਰ ਆਫ ਦ ਈਅਰ 2024 ਐਲਐਮਏ ਟ੍ਰਾਈਡੈਂਟ ਪੁਰਸਕਾਰ ਕੋਮਲ ਸ਼ਰਮਾ ਤਲਵਾੜ ਸੰਸਥਾਪਕ ਟੀਟੀ ਕੰਸਲਟੈਂਟਸ ਤੇ ਐਕਸਐਲਸਕਾਊਟ ਨੂੰ, ਲਾਈਫ ਟਾਈਮ ਅਚੀਵਮੈਂਟ ਆਫ ਦ ਈਅਰ 2024 ਐਲਐਮਏ ਸਤ ਪਾਲ ਮਿੱਤਲ ਪੁਰਸਕਾਰ ਸੰਜੀਵ ਮਹਿਤਾ ਕਾਰਜਕਾਰੀ ਚੇਅਰਮੈਨ ਐਲ ਕੈਟਰਟਨ ਨੂੰ, ਵਾਤਾਵਰਣ, ਸਮਾਜਿਕ ਤੇ ਸ਼ਾਸਨ ਵਿੱਚ ਉੱਤਮਤਾ (ਈਐਸਜੀ) 2024 ਐਲਐਮਏ ਹਰੀ ਚੰਦ ਪੁਰਸਕਾਰ ਅਨੁਰਾਗ ਗੁਪਤਾ ਪ੍ਰਬੰਧਕ ਨਿਰਦੇਸ਼ਕ ਊਸ਼ਾ ਯਾਰਨਜ਼ ਲਿਮਟਿਡ, ਸਾਲ 2024 ਦਾ ਉੱਭਰਦਾ ਐਸਐਮਈ ਐਲਐਮਏ ਸੋਹਨ ਲਾਲ ਪਾਹਵਾ ਪੁਰਸਕਾਰ ਰਾਜਨ ਮਿੱਤਲ ਪ੍ਰਬੰਧਕ ਨਿਰਦੇਸ਼ਕ ਫੋਰਜ ਆਟੋ ਇੰਟਰਨੈਸ਼ਨਲ ਲਿਮਟਿਡ ਨੂੰ, ਸਾਲ 2024 ਦੀ ਮਹਿਲਾ ਉੱਦਮੀ ਐਲਐਮਏ ਮਿਸਿਜ਼ ਬੈਕਟਰਸ ਪੁਰਸਕਾਰ ਸ਼ਰਧਾ ਸੂਰੀ ਮਰਵਾਹਾ ਚੇਅਰਪਰਸਨ ਤੇ ਪ੍ਰਬੰਧ ਨਿਰਦੇਸ਼ਕ ਸੁਬਰੋਸ ਲਿਮਟਿਡ ਨੂੰ ਅਤੇ ਸਮਾਜਿਕ ਜ਼ਿੰਮੇਵਾਰੀ ਵਿੱਚ ਉੱਤਮਤਾ ਤੇ ਸਾਲ 2024 ਦਾ ਉੱਚ ਉਦੇਸ਼ ਐਲਐਮਏ ਕ੍ਰਿਸ਼ਨਾ-ਪ੍ਰਾਣ ਪੁਰਸਕਾਰ ਪ੍ਰਿਤਪਾਲ ਸਿੰਘ ਮਾਲਕ ਹੰਸਪਾਲ ਟਰੇਡਰਜ਼ ਨੂੰ ਦਿੱਤਾ ਗਿਆ। ਰਾਜਪਾਲ ਨੇ ਪੰਜਾਬ ਤੋਂ ਕੋਈ ਵੀ ਚੋਣ ਨਹੀਂ ਲੜਨੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਪਹਿਲੇ ਅਜਿਹੇ ਰਾਜਪਾਲ ਹਨ ਜੋ ਪੰਜਾਬ ਵਿੱਚ ਸਮਾਜਿਕ, ਧਾਰਮਿਕ, ਵਾਤਾਵਰਣ ਤੇ ਹਰ ਵਰਗ ਨਾਲ ਸਬੰਧਤ ਸਮਾਗਮਾਂ ਵਿੱਚ ਪੁੱਜਦੇ ਹਨ। ਉਨ੍ਹਾਂ ਦੇ ਅੰਦਰ ਸਮਾਜ ਭਲਾਈ ਕਰਨ ਦਾ ਜਜ਼ਬਾ ਹੈ। ਅਰੋੜਾ ਨੇ ਕਿਹਾ ਕਿ ਪਰ ਉਹ ਇਹ ਗੱਲ ਯਕੀਨ ਨਾਲ ਕਹਿ ਸਕਦੇ ਹਨ।ਕਿ ਏਨਾ ਜਿਆਦਾ ਕੰਮ ਕਰਨ ਵਿੱਚ ਰਾਜਪਾਲ ਦੀ ਕੋਈ ਵੀ ਰਾਜਸੀ ਭਾਵਨਾ ਨਹੀਂ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਰਾਜਪਾਲ ਨੇ ਪੰਜਾਬ ਤੋਂ ਕੋਈ ਵੀ ਚੋਣ ਨਹੀਂ ਲੜਨੀ। ਉਨ੍ਹਾਂ ਕਿਹਾ ਕਿ ਰਾਜਪਾਲ ਜੀ ਵੱਲੋਂ 1982 ਤੋਂ ਰਾਜਨੀਤੀ ਵਿੱਚ ਚੋਣਾਂ ਜਿੱਤਣ ਦਾ ਸਿਲਸਿਲਾ ਸ਼ੁਰੁ ਕੀਤਾ ਸੀ ਅਤੇ ਰਾਜਪਾਲ ਬਣਨ ਤੋਂ ਪਹਿਲਾਂ ਤੱਕ ਉਹ ਸਿਲਸਿਲਾ ਜਾਰੀ ਰਿਹਾ। ਰਾਜਪਾਲ ਨੇ ਕਿਹਾ ਹੁਣ ਲੋਕ ਸਿਆਸਤਦਾਨਾਂ ਦਾ ਸਨਮਾਨ ਨਹੀਂ ਕਰਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਹ ਕੌੜਾ ਸੱਚ ਹੈ, ਜਿਸ ਨੂੰ ਸਾਰੇ ਹੀ ਸਿਆਸਤਦਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਵਰਗ ਦੇ ਲੋਕ ਇੱਥੋਂ ਤੱਕ ਕਿ ਬੱਚੇ ਵੀ ਸਿਆਸਤਦਾਨਾਂ ਦਾ ਸਨਮਾਨ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਿਲ ਵਿੱਚ ਹੁਣ ਸਿਆਸਤਦਾਨਾਂ ਦਾ ਪਹਿਲਾਂ ਵਾਲਾ ਸਤਿਕਾਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੂੰ ਆਪਣਾ ਇਹ ਅਕਸ ਸੁਧਾਰਨਾ ਚਾਹੀਦਾ ਹੈ।