ਅਖੰਡ ਮਹਾਯੱਗ ਲਈ ਸੋਨੀ ਤੇ ਬਾਜਵਾ ਨੂੰ ਦਿੱਤਾ ਸੱਦਾ
ਅਹਿਮ ਖ਼ਬਰ-ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲੇ 243 ਘੰਟੇ ਦੇ ਅਖੰਡ ਮਹਾਯੱਗ ਲਈ ਸੋਨੀ ਤੇ ਬਾਜਵਾ ਨੂੰ ਦਿੱਤਾ ਸੱਦਾ
Publish Date: Wed, 28 Jan 2026 08:25 PM (IST)
Updated Date: Thu, 29 Jan 2026 04:14 AM (IST)

ਫ਼ੋਟੋ ਨੰਬਰ-54, 55, 56 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ ਲੁਧਿਆਣਾ ਵਿਖੇ 11 ਤੋਂ 21 ਫਰਵਰੀ 2026 ਤੱਕ 243 ਘੰਟੇ ਦਾ ਅਖੰਡ ਮਹਾਂਯੱਗ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਧਾਮ ਦੇ ਮਹੰਤ ਤੇ ਸੇਵਕਾਂ ਵੱਲੋਂ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਯੱਗ ਬ੍ਰਹਿਮੰਡ ਵਿੱਚ ਇੱਕ ਸਦੀਵੀ ਤੇ ਮਹਾਨ ਰਸਮ ਹੈ। ਮਹਾਂਯੱਗ ਕਰਨ ਨਾਲ ਨਾ ਸਿਰਫ਼ ਮਨੁੱਖਾਂ ਦਾ ਸਗੋਂ ਦੁਨੀਆਂ ਦੇ ਸਾਰੇ ਜੀਵਾਂ ਦਾ ਕਲਿਆਣ ਹੁੰਦਾ ਹੈ। ਜਿਸ ਸਥਾਨ ਤੇ ਇਹ ਨਿਯਮਿਤ ਤੌਰ ਤੇ ਕੀਤਾ ਜਾਂਦਾ ਹੈ, ਉੱਥੇ ਦੇਵੀ-ਦੇਵਤੇ ਵੱਸਦੇ ਹਨ। ਮਹਾਂਯੱਗ ਸਥਾਨ ਦੀ ਪਰਿਕਰਮਾ ਕਰਨ ਨਾਲ ਤੀਰਥ ਯਾਤਰਾ ਦਾ ਫਲ ਮਿਲਦਾ ਹੈ। ਇਹ ਪ੍ਰਗਟਾਵਾ ਸ੍ਰੀ ਰਾਮ ਸ਼ਰਣਮ ਕਿਚਨੂ ਨਗਰ ਦੇ ਮੁਖੀ ਨਰੇਸ਼ ਸੋਨੀ ਨੇ ਮਹੰਤ ਪ੍ਰਵੀਨ ਚੌਧਰੀ ਅਤੇ ਹੋਰ ਵਲੰਟੀਅਰਾਂ ਵੱਲੋਂ ਮਹਾਯੱਗ ਲਈ ਸੱਦਾ ਸਵੀਕਾਰ ਕਰਦੇ ਹੋਏ ਕੀਤਾ। ਇਸ ਤੋਂ ਇਲਾਵਾ ਧਾਮ ਪ੍ਰਮੁੱਖ ਮਹੰਤ ਪ੍ਰਵੀਨ ਚੌਧਰੀ, ਵਲੰਟੀਅਰ ਕਰਨ ਸ਼ਾਂਡੀਲਿਆ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਏਆਈਜੀ ਗੁਰਸੇਵਕ ਸਿੰਘ ਬਰਾੜ ਦੇ ਨਾਲ-ਨਾਲ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੂੰ ਅਖੰਡ ਮਹਾਯੱਗ ਲਈ ਸੱਦਾ ਦਿੱਤਾ। ਬਾਜਵਾ ਨੇ ਅਖੰਡ ਯੱਗ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅਖੰਡ ਮਹਾਂਯੱਗ ਦੇਸ਼ ਦੀ ਖੁਸ਼ੀ, ਸ਼ਾਂਤੀ ਤੇ ਖੁਸ਼ਹਾਲੀ ਲਈ ਫਲਦਾਇਕ ਹੋਵੇਗਾ। ਮਹੰਤ ਚੌਧਰੀ ਨੇ ਦੱਸਿਆ ਕਿ ਇਹ ਮਹਾਂਯੱਗ ਵਿਸ਼ਵ ਭਲਾਈ ਲਈ ਪ੍ਰਾਰਥਨਾ ਕਰਨ ਲਈ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਹਾਂਯੱਗ ਵਿੱਚ ਮੰਤਰਾਂ ਦੇ ਜਾਪ ਨਾਲ ਭੇਟ ਚੜ੍ਹਾਉਣ ਵਾਲੇ ਸ਼ਰਧਾਲੂ ਦੀ ਹਰ ਇੱਛਾ ਬਿਨਾਂ ਮੰਗੇ ਵੀ ਪੂਰੀ ਹੋ ਜਾਂਦੀ ਹੈ। ਧਾਮ ਸੇਵਕ ਮਨਜੀਤ ਛੱਤਵਾਲ, ਕਰਨ ਸ਼ਾਂਡਿਲਿਆ, ਮੋਹਿਤ ਸੂਦ ਤੇ ਰਾਣਾ ਰਣਜੀਤ ਸਿੰਘ ਨੇ ਦੱਸਿਆ ਕਿ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਆਯੋਜਿਤ ਇਸ ਮਹਾਂਕੁੰਭ ’ਚ ਸਾਰੇ ਸ਼ਹਿਰ ਵਾਸੀਆਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 243 ਘੰਟੇ ਚੱਲਣ ਵਾਲੇ ਇਸ ਅਖੰਡ ਮਹਾਂਯੱਗ ਦੌਰਾਨ ਦੇਸ਼ ਭਰ ਦੇ ਪ੍ਰਸਿੱਧ ਭਜਨ ਗਾਇਕ ਮਾਂ ਬਗਲਾਮੁਖੀ ਦਾ ਗੁਣਗਾਨ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਕੂਲੀ ਬੱਚੇ ਵੀ ਅਖੰਡ ਮਹਾਂਯੱਗ ਵਿੱਚ ਭੇਟ ਚੜ੍ਹਾ ਕੇ ਤੇ ਆਹੂਤੀਆਂ ਪਾ ਕੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।