ਵਰਕ ਪਰਮਿਟ ਤੇ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਰੁਪਏ ਦੀ ਠੱਗੀ, ਜਾਂਚ ਤੋਂ ਬਾਅਦ ਮਹਿਲਾ ਟਰੈਵਲ ਏਜੰਟ ਦੇ ਖਿਲਾਫ ਕੇਸ ਦਰਜ
ਨਿਊਜ਼ੀਲੈਂਡ ਦਾ ਵੀਜ਼ਾ ਮੰਗਵਾਉਣ ਦੇ ਨਾਮ ਤੇ ਔਰਤ ਨੇ ਉਸ ਕੋਲੋਂ 3 ਲੱਖ 10 ਹਜਾਰ ਰੁਪਏ ਦੀ ਰਕਮ ਹਾਸਲ ਕਰ ਲਈ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਦਿਲਪ੍ਰੀਤ ਦਾ ਵਰਕ ਪਰਮਿਟ ਨਹੀਂ ਆਇਆ। ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਮਾਹੀ ਸ਼ਰਮਾ ਨੇ ਨਾ ਤਾਂ ਉਸਦਾ ਵਰਕ ਪਰਮਿਟ ਮੰਗਵਾਇਆ ਅਤੇ ਨਾ ਹੀ ਉਸਨੂੰ ਰਕਮ ਵਾਪਸ ਮੋੜੀ।
Publish Date: Thu, 14 May 2026 12:22 PM (IST)
Updated Date: Thu, 14 May 2026 12:27 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੀ ਇੱਕ ਮਹਿਲਾ ਟਰੈਵਲ ਏਜੰਟ ਨੇ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਨੂੰ ਵਰਕ ਪਰਮਿਟ ਤੇ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਲੱਖਾਂ ਰੁਪਏ ਹਾਸਿਲ ਕਰ ਲਏ।
ਪੈਸੇ ਹਾਸਲ ਕਰਨ ਤੋਂ ਬਾਅਦ ਔਰਤ ਨੇ ਨੌਜਵਾਨ ਨੂੰ ਵਿਦੇਸ਼ ਨਹੀਂ ਭੇਜਿਆ। ਇਸ ਮਾਮਲੇ ਵਿੱਚ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਫਤਿਹਗੜ੍ਹ ਸਾਹਿਬ ਦੇ ਖਮਾਣੋ ਇਲਾਕੇ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਨਿਊ ਸ਼ਿਵਪੁਰੀ ਰੋਡ ਦੀ ਰਹਿਣ ਵਾਲੀ ਮਾਹੀ ਸ਼ਰਮਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਵਿਦੇਸ਼ ਜਾਣ ਦੀ ਤਿਆਰੀ ਸ਼ੁਰੂ ਕੀਤੀ। ਇਸੇ ਦੌਰਾਨ ਉਸਨੂੰ ਮਹਿਲਾ ਟਰੈਵਲ ਏਜੰਟ ਮਾਹੀ ਸ਼ਰਮਾ ਬਾਰੇ ਜਾਣਕਾਰੀ ਮਿਲੀ। ਉਸਨੇ ਜਦ ਔਰਤ ਨਾਲ ਸੰਪਰਕ ਕੀਤਾ ਤਾਂ ਮਹਿਲਾ ਨੇ ਲੜਕੇ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਸ ਨੂੰ ਬੜੀ ਆਸਾਨੀ ਨਾਲ ਵਰਕ ਪਰਮਿਟ ਤੇ ਵਿਦੇਸ਼ ਭੇਜ ਦੇਵੇਗੀ।
ਨਿਊਜ਼ੀਲੈਂਡ ਦਾ ਵੀਜ਼ਾ ਮੰਗਵਾਉਣ ਦੇ ਨਾਮ ਤੇ ਔਰਤ ਨੇ ਉਸ ਕੋਲੋਂ 3 ਲੱਖ 10 ਹਜਾਰ ਰੁਪਏ ਦੀ ਰਕਮ ਹਾਸਲ ਕਰ ਲਈ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਦਿਲਪ੍ਰੀਤ ਦਾ ਵਰਕ ਪਰਮਿਟ ਨਹੀਂ ਆਇਆ। ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਮਾਹੀ ਸ਼ਰਮਾ ਨੇ ਨਾ ਤਾਂ ਉਸਦਾ ਵਰਕ ਪਰਮਿਟ ਮੰਗਵਾਇਆ ਅਤੇ ਨਾ ਹੀ ਉਸਨੂੰ ਰਕਮ ਵਾਪਸ ਮੋੜੀ।
ਇਸ ਸਬੰਧੀ ਨੌਜਵਾਨ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਹੀ ਸ਼ਰਮਾ ਦੇ ਖਿਲਾਫ ਇਮੀਗ੍ਰੇਸ਼ਨ ਐਕਟ ਸਮੇਤ ਕਈ ਸੰਘੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ੀ ਅਫਸਰ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਦੋਸ਼ਣ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।