ਬੈਂਕ ਕੋਲ ਗਿਰਵੀ ਜਾਇਦਾਦ ਦੀ ਗ਼ੈਰ ਕਾਨੂੰਨੀ ਢੰਗ ਨਾਲ ਸੀਲ ਤੋੜ ਕੇ ਕੀਤਾ ਕਬਜ਼ਾ
ਬੈਂਕ ਕੋਲ ਗਿਰਵੀ ਜਾਇਦਾਦ ਦੀ ਗੈਰ ਕਾਨੂੰਨੀ ਢੰਗ ਨਾਲ ਸੀਲ ਤੋੜਕੇ ਕੀਤਾ ਕਬਜ਼ਾ
Publish Date: Wed, 28 Jan 2026 09:13 PM (IST)
Updated Date: Thu, 29 Jan 2026 04:16 AM (IST)

* ਬੈਂਕ ਅਧਿਕਾਰੀਆਂ ਦੇ ਬਿਆਨ ਉੱਪਰ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਬੈਂਕ ਕੋਲ ਜਾਇਦਾਦ ਗਿਰਵੀ ਰੱਖ ਕੇ ਕਰਜ਼ਾ ਲੈਣ ਵਾਲੇ ਵਿਅਕਤੀ ਵੱਲੋਂ ਕਰਜ਼ਾ ਨਾ ਮੋੜਨ ਤੋਂ ਬਾਅਦ ਬੈਂਕ ਵੱਲੋਂ ਉਸ ਦੀ ਇਮਾਰਤ ਦਾ ਕਬਜ਼ਾ ਲੈ ਕੇ ਸੀਲ ਕਰ ਦਿੱਤੀ ਗਈ। ਪਰ ਬੈਂਕ ਤੋਂ ਕਰਜ਼ਾ ਲੈਣ ਲਈ ਗਿਰਵੀ ਰੱਖੀ ਇਮਾਰਤ ਨੂੰ ਬੈਂਕ ਵੱਲੋਂ ਸੀਲ ਕੀਤੇ ਜਾਣ ਤੋਂ ਬਾਅਦ ਉਕਤ ਵਿਅਕਤੀ ਨੇ ਇਮਾਰਤ ਦੀਆਂ ਸੀਲਾਂ ਗ਼ੈਰ ਕਾਨੂੰਨੀ ਢੰਗ ਨਾਲ ਤੋੜ ਕੇ ਮੁੜ ਤੋਂ ਕਬਜ਼ਾ ਕਰ ਲਿਆ ਗਿਆ। ਜਦੋਂ ਉਕਤ ਘਟਨਾ ਦੀ ਜਾਣਕਾਰੀ ਬੈਂਕ ਅਧਿਕਾਰੀਆਂ ਨੂੰ ਲੱਗੀ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ-4 ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਆਈਸੀਆਈਸੀਆਈ ਬੈਂਕ ਦੇ ਮੈਨੇਜਰ ਮਲਕੀਤ ਸਿੰਘ ਦੇ ਬਿਆਨ ਉੱਪਰ ਮੁਲਜ਼ਮ ਸ਼ਿਵਪੁਰੀ ਵਾਸੀ ਸੰਤ ਪ੍ਰਕਾਸ਼ ਖਿਲਾਫ ਸੰਗੀਨ ਦੋਸ਼ ਅਧੀਨ ਪਰਚਾ ਦਰਜ ਕਰਕੇ ਮਾਮਲੇ ਦੀ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮਲਕੀਤ ਸਿੰਘ ਮੁਤਾਬਕ ਉਹ ਆਈਸੀਆਈਸੀਆਈ ਹੋਮ ਫਾਈਨੈਂਸ ਕੰਪਨੀ ਵਿੱਚ ਬਤੌਰ ਏਰੀਆ ਮੈਨੇਜਰ ਨੌਕਰੀ ਕਰਦਾ ਹੈ। ਸਥਾਨਕ ਸ਼ਿਵਪੁਰੀ ਵਾਸੀ ਸੰਤ ਪ੍ਰਕਾਸ਼ ਨੇ ਉਨ੍ਹਾਂ ਦੀ ਫਿਰੋਜ਼ ਗਾਂਧੀ ਮਾਰਕੀਟ ਬ੍ਰਾਂਚ ਤੋਂ ਆਪਣੀ ਇੱਕ ਜਾਇਦਾਦ ਗਿਰਵੀ ਰੱਖ ਕੇ 32 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਕਤ ਕਰਜਾ ਲੈਣ ਮਗਰੋ ਮੁਲਜ਼ਮ ਨੇ ਨਾ ਤਾਂ ਬੈਂਕ ਦੀਆਂ ਬਣਦੀਆਂ ਕਿਸ਼ਤਾਂ ਮੋੜੀਆਂ ਤੇ ਨਾ ਹੀ ਕਰਜ਼ਾ ਵਾਪਸ ਕੀਤਾ। ਵਾਰ-ਵਾਰ ਨੋਟਿਸ ਭੇਜਣ ਦੇ ਬਾਵਜੂਦ ਜਦ ਮੁਲਜ਼ਮ ਨੇ ਬੈਂਕ ਦਾ ਪੈਸਾ ਵਾਪਸ ਕਰਨ ਲਈ ਕੋਈ ਉਦਮ ਨਾ ਕੀਤਾ ਤਾਂ ਬੈਂਕ ਨੇ ਆਪਣੇ ਨਿਯਮਾਂ ਮੁਤਾਬਕ ਉਕਤ ਜਾਇਦਾਦ ਆਪਣੇ ਕਬਜ਼ੇ ’ਚ ਲੈ ਕੇ ਸੀਲ ਕਰ ਦਿੱਤੀ। ਮੁਲਜ਼ਮ ਨੇ ਬੈਂਕ ਵੱਲੋਂ ਸੀਲ ਕੀਤੀ ਗਈ ਜਾਇਦਾਦ ਦੀਆਂ ਗੈਰ ਕਾਨੂੰਨੀ ਢੰਗ ਨਾਲ ਸੀਲਾਂ ਤੋੜ ਕੇ ਉਕਤ ਇਮਾਰਤ ਉੱਪਰ ਦੁਬਾਰਾ ਕਬਜ਼ਾ ਕਰ ਲਿਆ। ਉਕਤ ਜਾਣਕਾਰੀ ਮਿਲੀ ਤਾਂ ਇਹ ਮਾਮਲਾ ਸਥਾਨਕ ਪੁਲਿਸ ਦੇ ਧਿਆਨ ਵਿੱਚ ਲਿਆ ਕੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।