-ਰੈਸਟੋਰੈਂਟ ਦੇ ਮਾਲਕ ਤੇ ਮੈਨੇਜਰ ਖਿਲਾਫ਼ ਪਰਚਾ ਦਰਜ
ਲਾਈਸੈਂਸ ਰੱਦ ਹੋਣ ਦੇ ਬਾਵਜੂਦ ਰੈਸਟੋਰੈਂਟ ਵਿੱਚ ਰੱਖੀ ਸੀ ਨਜਾਇਜ਼ ਸ਼ਰਾਬ
Publish Date: Sat, 22 Nov 2025 06:49 PM (IST)
Updated Date: Sat, 22 Nov 2025 06:52 PM (IST)

ਲਾਈਸੈਂਸ ਰੱਦ ਹੋਣ ਦੇ ਬਾਵਜੂਦ ਰੈਸਟੋਰੈਂਟ ਵਿੱਚ ਰੱਖੀ ਸੀ ਨਜਾਇਜ਼ ਸ਼ਰਾਬ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਕੈਨਾਲ ਰੋਡ ਸਥਿਤ ਦਾ ਲੋਫਟ ਰੈਸਟੋਰੈਂਟ ਵਿੱਚ ਬਿਨਾਂ ਲਾਇਸੈਂਸ ਤੋਂ ਸ਼ਰਾਬ ਰੱਖਣ ਦੇ ਦੋਸ਼ ਵਿੱਚ ਸਰਾਬਾ ਨਗਰ ਪੁਲਿਸ ਵੱਲੋਂ ਰੈਸਟੋਰੈਂਟ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਆਬਕਾਰੀ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਆਬਕਾਰੀ ਨਿਰੀਖਕ ਸਰਕਲ ਲੁਧਿਆਣਾ ਵੈਸਟ ਅਮਰਿੰਦਰ ਸਿੰਘ ਦੇ ਬਿਆਨ ਉੱਪਰ ਦਾ ਲੋਫਟ ਰੈਸਟੋਰੈਂਟ ਦੇ ਮਾਲਕ ਹਰਪਿੰਦਰ ਸਿੰਘ ਅਤੇ ਮੈਨੇਜਰ ਅਨੁਜ ਕੁਮਾਰ ਦੇ ਖਿਲਾਫ਼ ਦਰਜ ਕੀਤਾ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸੁਖਵਿੰਦਰ ਸਿੰਘ ਮੁਤਾਬਕ ਆਬਕਾਰੀ ਨਰੀਖਕ ਅਮਰਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਦਾ ਲੋਫਟ ਰੈਸਟੋਰੈਂਟ ਦਾ ਲਾਈਸੈਂਸ ਰੱਦ ਹੋਣ ਦੇ ਬਾਵਜੂਦ ਰੈਸਟੋਰੈਂਟ ਵਿੱਚ ਵੱਖ-ਵੱਖ ਕਿਸਮਾਂ ਦੀ ਬੀਅਰ ਅਤੇ ਸ਼ਰਾਬ ਰੱਖੀ ਹੋਈ ਸੀ। ਅਜਿਹਾ ਕਰਕੇ ਰੈਸਟੋਰੈਂਟ ਮਾਲਕ ਤੇ ਮੈਨੇਜਰ ਵੱਲੋਂ ਆਬਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ ਜਿਸ ਦੀ ਸ਼ਿਕਾਇਤ ਮਿਲਣ ਮਗਰੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਵੇਚਣ ਦੇ ਮੁਲਜਮ ਖਿਲਾਫ਼ ਆਬਕਾਰੀ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਹੌਲਦਾਰ ਗੁਰਸਾਹਿਬ ਪ੍ਰੀਤ ਸਿੰਘ ਦੇ ਬਿਆਨ ਉੱਪਰ ਟਿੱਬਾ ਰੋਡ ਦੇ ਰਹਿਣ ਵਾਲੇ ਰਕੇਸ਼ ਮਲਹੋਤਰਾ ਖਿਲਾਫ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਥਾਨਕ ਭਾਮੀਆ ਰੋਡ ਗਸ਼ਤ ਦੌਰਾਨ ਪੁਲਿਸ ਨੂੰ ਗੁਪਤ ਰੂਪ ਵਿੱਚ ਜਾਣਕਾਰੀ ਮਿਲੀ ਸੀ। ਕਿ ਮੁਲਜ਼ਮ ਕਾਰ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਆਪਣੇ ਗ੍ਰਾਹਕਾਂ ਨੂੰ ਸਪਲਾਈ ਦੇਣ ਜਾ ਰਿਹਾ ਹੈ। ਜਿਸ ਆਧਾਰ ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸਦੇ ਕਬਜ਼ੇ ਵਿੱਚੋਂ 36 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ।