ਪੰਜਾਬ ਵਿਧਾਨ ਸਭਾ ’ਚ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗਾਰੰਟੀ ਦਿੰਦਿਆਂ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਆਈ ਤਾਂ ਪੰਜਾਬ ਵਿੱਚੋਂ ਇਕ ਮਹੀਨੇ ਦੌਰਾਨ ਗੈਂਗਸਟਰਵਾਦ ਦਾ ਅੰਤ ਹੋ ਜਾਵੇਗਾ। ਮਹੀਨੇ ਬਾਅਦ ਸੂਬੇ ਵਿਚ ਕਿਤੇ ਗੋਲ਼ੀ ਦੀ ਖੜਾਕ ਵੀ ਸੁਣ ਜਾਵੇ ਤਾਂ ਉਹ ਜ਼ਿੰਮੇਵਾਰ ਹੋਣਗੇ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਇੱਥੇ ਪੁੱਜੇ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗਾਰੰਟੀ ਦਿੰਦਿਆਂ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਆਈ ਤਾਂ ਪੰਜਾਬ ਵਿੱਚੋਂ ਇਕ ਮਹੀਨੇ ਦੌਰਾਨ ਗੈਂਗਸਟਰਵਾਦ ਦਾ ਅੰਤ ਹੋ ਜਾਵੇਗਾ। ਮਹੀਨੇ ਬਾਅਦ ਸੂਬੇ ਵਿਚ ਕਿਤੇ ਗੋਲ਼ੀ ਦੀ ਖੜਾਕ ਵੀ ਸੁਣ ਜਾਵੇ ਤਾਂ ਉਹ ਜ਼ਿੰਮੇਵਾਰ ਹੋਣਗੇ।
ਵਿਰੋਧੀ ਧਿਰ ਦੇ ਨੇਤਾ ਜਗਰਾਓਂ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜੇਸ਼ ਇੰਦਰ ਸਿੱਧੂ ਦੇ ਸੱਦੇ ’ਤੇ ਰੱਖੇ ਗਏ ਸਮਾਗਮ ਵਿਚ ਪੁੱਜੇ ਸਨ। ਉਨ੍ਹਾਂ ਦੂਸਰੀ ਗਾਰੰਟੀ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਤੇ ਖੁਸ਼ਹਾਲ ਕਰਨ ਲਈ ਸੂਬੇ ਦੇ ਬਾਰਡਰਾਂ ਨੂੰ ਵਪਾਰ ਲਈ ਖੋਲ੍ਹ ਦਿੱਤਾ ਜਾਵੇਗਾ। ਬਾਜਵਾ ਨੇ ਆਪਣੇ ਅੰਦਾਜ਼ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ‘ਮਹਾਰਾਜਾ ਸਤੌਜ’ ਦੱਸਦਿਆਂ ਉਨ੍ਹਾਂ ਦੇ ਚੋਣਾਂ ਤੋਂ ਪਹਿਲਾਂ ਆਮ ਆਦਮੀ ਵਾਂਗ ਰਹਿਣ ਦੇ ਦਾਅਵਿਆਂ ਦੇ ਉਲਟ ਚਾਰ-ਚਾਰ ਕੋਠੀਆਂ, ਹਜਾਰ ਗੰਨਮੈਨ, ਸੈਂਕੜੇ ਗੱਡੀਆਂ ਦਾ ਕਾਫ਼ਲਾ ਅਤੇ ਐਸ਼ੋ-ਅਰਾਮ ’ਤੇ ਤੰਜ ਕੱਸਦਿਆਂ ਲੋਕਾਂ ਨੂੰ ਖਾਸਾ ਹਸਾਇਆ।
ਉਨ੍ਹਾਂ ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਵਿਚ ਵਿਗੜੇ ਹਾਲਾਤ ਦੀ ਦੁਹਾਈ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਗੈਂਗਸਟਰ ਕਿਸੇ ਹੋਰ ਦੀ ਨਹੀਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪੁਲਿਸ ਦੀ ਉਪਜ਼ ਹਨ। ਉਨ੍ਹਾਂ ਸਖਤ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਪੰਜਾਬ ’ਚ ਹਰ ਸਾਲ ਰੇਤੇ ਤੋਂ 20 ਹਜ਼ਾਰ ਕਰੋੜ ਦੀ ਕਮਾਈ ਦਾ ਦਾਅਵਾ ਕਰਨ ਵਾਲੇ ਹਰ ਸਾਲ ਇਹ ਰੁਪਇਆ ਆਪਣੀਆਂ ਜੇਬਾਂ ਵਿਚ ਹੀ ਭਰ ਲਿਆ। ਕਾਂਗਰਸ ਸਰਕਾਰ ਦੇ ਆਉਣ ’ਤੇ ਇਨ੍ਹਾਂ ਸਾਰਿਆਂ ਤੋਂ ਹਿਸਾਬ ਲਿਆ ਜਾਵੇਗਾ। ਇੱਕ ਇੱਕ ਤੋਂ ਪੰਜਾਬ ਦਾ ਪੈਸਾ ਲੋਕਾਂ ਦੀ ਕਚਹਿਰੀ ਵਿਚ ਖੜ੍ਹਾ ਕਰਕੇ ਕਢਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਤੋਂ ਬਾਅਦ ਪੰਜਾਬ ਦੇ ਸੁਖਾਵੇਂ ਮਾਹੌਲ ਲਈ ਕਾਂਗਰਸ ਪਾਰਟੀ ਹੀ ਸਹੀ ਬਦਲ ਹੈ। ਇਸ ਪਾਰਟੀ ਨੇ ਪਹਿਲਾਂ ਵੀ 15 ਸਾਲ ਅੱਤਵਾਦ ਦਾ ਸੰਤਾਪ ਭੋਗ ਰਹੇ ਪੰਜਾਬ ਵਿਚ ਸ਼ਾਂਤੀ ਕਾਇਮ ਕੀਤੀ ਸੀ। ਉਸ ਅਮਨ ਸ਼ਾਂਤੀ ਲਈ ਇੱਕ ਸਾਲ ਲੱਗ ਗਿਆ। ਪਰ ਹੁਣ ਸਰਕਾਰ ਆਈ ਤਾਂ ਪੰਜਾਬ ਵਿਚੋਂ ਮਹੀਨੇ ਵਿਚ ਹੀ ਗੈਂਗਸਟਰ ਦੇ ਖ਼ਾਤਮੇ ਦੇ ਨਾਲ ਪੰਜਾਬ ਪੁਲਿਸ ਵਿਚ ਗੈਂਗਸਟਰਵਾਦ ਨੂੰ ਚੁੱਕਣ ਵਾਲੇ ਅਫਸਰਾਂ ’ਤੇ ਕਾਰਵਾਈ ਹੋਵੇਗੀ। ਅੱਜ ਦੇ ਸਮਾਗਮ ਵਿਚ ਵਿਰੋਧ ਧਿਰ ਦੇ ਨੇਤਾ ਬਾਜਵਾ ਨੂੰ ਜਗਰਾਓਂ ਵੱਲੋਂ ਸਾਬਕਾ ਪ੍ਰਧਾਨ ਰਾਜੇਸ਼ ਇੰਦਰ ਸਿੱਧੂ ਸਮੇਤ ਕਈ ਸੰਸਥਾਵਾਂ ਨੇ ਸਨਮਾਨਿਤ ਕੀਤਾ।