ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਹੋਇਆ ਜ਼ਬਰਦਸਤ ਹੰਗਾਮਾ
ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਹੋਇਆ ਜ਼ਬਰਦਸਤ ਹੰਗਾਮਾ
Publish Date: Wed, 31 Dec 2025 07:50 PM (IST)
Updated Date: Wed, 31 Dec 2025 07:53 PM (IST)

ਤੇਜ਼ਧਾਰ ਹਥਿਆਰਾਂ ਨਾਲ ਲੈਸ਼ ਹੋਏ ਵਿਅਕਤੀਆਂ ਨੇ ਕਰ ਦਿੱਤਾ ਹਮਲਾ 12 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਫੁੱਲਾਂਵਾਲ ਦੇ ਲਾਗੇ ਪੈਂਦੇ ਪਾਸੀ ਕੱਟ ਤੇ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਦੋ ਧਿਰਾਂ ਵਿਚਕਾਰ ਜਬਰਦਸਤ ਝਗੜਾ ਹੋ ਗਿਆ। ਇਸ ਲੜਾਈ ਦੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਵਿਅਕਤੀਆਂ ਨੇ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਸਮੇਂ ਮੁਲਜ਼ਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਭੰਨ ਦਿੱਤਾ। ਥਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਸ਼ਿਵਮ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ 10 ਵਜੇ ਦੇ ਕਰੀਬ ਉਹ ਆਪਣੇ ਦੋਸਤ ਨੀਰਜ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਜਰੂਰੀ ਕੰਮ ਲਈ ਜਾ ਰਿਹਾ ਸੀ। ਜਿਵੇਂ ਹੀ ਉਹ ਫੁੱਲਾਂਵਾਲ 200 ਫੁੱਟਾਂ ਰੋਡ ਤੇ ਪਾਸੀ ਨਗਰ ਕੱਟ ਤੇ ਪਹੁੰਚੇ ਤਾਂ ਇੱਕ ਮੋਟਰਸਾਈਕਲ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦੋਵਾਂ ਧਿਰਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਉਕਤ ਵਿਅਕਤੀ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ। ਹਥਿਆਰਾਂ ਨਾਲ ਲੈਸ ਹੋਏ ਇੱਕ ਦਰਜ਼ਨ ਦੇ ਕਰੀਬ ਵਿਅਕਤੀਆਂ ਨੇ ਤਲਵਾਰਾਂ ਅਤੇ ਰਾਡਾਂ ਦੇ ਨਾਲ ਦੋਵਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਭੰਨ ਦਿੱਤਾ। ਉਧਰ ਇਸ ਮਾਮਲੇ ਵਿੱਚ ਏਐਸਆਈ ਸੁਖਦੇਵ ਰਾਜ ਨੇ ਦੱਸਿਆ ਕਿ ਪੁਲਿਸ ਨੇ ਸ਼ਿਵਮ ਕੁਮਾਰ ਦੀ ਸ਼ਿਕਾਇਤ ਤੇ 12 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।