ਤੇਜ਼ ਰਫ਼ਤਾਰ ਐਕਟਿਵਾ ਤੇ ਈ-ਰਿਕਸ਼ਾ ਦੀ ਟੱਕਰ ’ਚ ਔਰਤ ਦੀ ਮੌਤ
ਸ਼ਿਮਲਾਪੁਰੀ ਦੀ ਟੇਡੀ ਰੋਡ 'ਤੇ ਤੇਜ਼ ਰਫ਼ਤਾਰ ਐਕਟਿਵਾ ਤੇ ਈ-ਰਿਕਸ਼ਾ ਟੱਕਰ
Publish Date: Wed, 28 Jan 2026 10:23 PM (IST)
Updated Date: Thu, 29 Jan 2026 04:16 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਇਲਾਕੇ ਸ਼ਿਮਲਾਪੁਰੀ ਦੀ ਟੇਡੀ ਰੋਡ ਨੇੜੇ ਸੂਰਜ ਨਗਰ ਇਲਾਕੇ ’ਚ ਬੁੱਧਵਾਰ ਸ਼ਾਮ ਨੂੰ ਇਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਇਕ ਤੇਜ਼ ਰਫ਼ਤਾਰ ਐਕਟਿਵਾ ਤੇ ਇਕ ਈ-ਰਿਕਸ਼ਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਸੜਕ ਤੇ ਪਲਟ ਗਿਆ, ਜਿਸ ਨਾਲ ਮੌਕੇ ’ਤੇ ਸਵਾਰੀਆਂ ’ਚ ਚੀਕ-ਚਿਹਾੜਾ ਪੈ ਗਿਆ। ਇਸ ਹਾਦਸੇ ਦੌਰਾਨ ਈ-ਰਿਕਸ਼ਾ ’ਚ ਸਵਾਰ ਇਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਹੋਰ ਰਿਸ਼ਤੇਦਾਰ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਸਾਰੇ ਜ਼ਖ਼ਮੀਆਂ ਨੂੰ ਪਲਟ ਈ-ਰਿਕਸ਼ਾ ਤੋਂ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ। ਇਸ ਦੌਰਾਨ ਬਸੰਤ ਨਗਰ ਵਾਸੀ 48 ਸਾਲਾ ਪ੍ਰਵੀਨ ਕੁਮਾਰੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਡਾਕਟਰਾਂ ਨੇ ਹਸਪਤਾਲ ਪੁੱਜਦੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਪ੍ਰਵੀਨ ਕੁਮਾਰੀ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਤੋਂ ਬਾਅਦ ਈ-ਰਿਕਸ਼ਾ ਵਿੱਚ ਵਾਪਸ ਆ ਰਹੀ ਸੀ। ਇਸ ਦੌਰਾਨ ਟੇਡੀ ਰੋਡ ਤੇ ਦੁਸਰੀ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਐਕਟਿਵਾ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਈ-ਰਿਕਸ਼ਾ ਪਲਟ ਗਿਆ, ਜਿਸ ਨਾਲ ਉਸ ਵਿੱਚ ਸਵਾਰ ਯਾਤਰੀ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸ਼ਿਮਲਾਪੁਰੀ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਜਾਂਚ ਅਧਿਕਾਰੀ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ। ਪੁਲਿਸ ਨੇ ਜ਼ਖ਼ਮੀਆਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਿਸ ਘਟਨਾ ਸਥਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।