ਪੰਜਾਬ ‘ਚ ਗਰਮੀ ਦਾ ਕਹਿਰ: ਦੁਪਹਿਰ ਵੇਲੇ ਸੜਕਾਂ ‘ਤੇ ਛਾਇਆ ਸਨਾਟਾ, ਬਠਿੰਡਾ ਤੇ ਫਰੀਦਕੋਟ ਸਭ ਤੋਂ ਗਰਮ
ਗਰਮੀ ਦੇ ਇਸ ਕਹਿਰ ਦਾ ਅਸਰ ਬਿਜਲੀ ਦੀ ਮੰਗ ‘ਤੇ ਵੀ ਪੈ ਰਿਹਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਏ.ਸੀ. ਅਤੇ ਕੂਲਰਾਂ ਦੀ ਵਰਤੋਂ ਵਧਣ ਨਾਲ ਬਿਜਲੀ ਦੀ ਖਪਤ ਵਿੱਚ ਤੇਜ਼ੀ ਆਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਮੀਂਹ ਦੀ ਸੰਭਾਵਨਾ ਘੱਟ ਹੈ, ਜਿਸ ਕਾਰਨ ਲੋਕਾਂ ਨੂੰ ਅਜੇ ਕੁਝ ਹੋਰ ਦਿਨ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Publish Date: Thu, 21 May 2026 11:49 AM (IST)
Updated Date: Thu, 21 May 2026 11:51 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ। ਪੰਜਾਬ ਵਿੱਚ ਗਰਮੀ ਨੇ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਨੀ ਸ਼ੁਰੂ ਕਰ ਦਿੱਤੀ ਹੈ। ਸਵੇਰ ਤੋਂ ਹੀ ਤਿੱਖੀ ਧੁੱਪ ਅਤੇ ਗਰਮ ਹਵਾਵਾਂ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ। ਦੁਪਹਿਰ ਸਮੇਂ ਸ਼ਹਿਰਾਂ ਦੀਆਂ ਮੁੱਖ ਸੜਕਾਂ ਸੁੰਨੀਆ ਨਜ਼ਰ ਆ ਰਹੀਆਂ ਹਨ ਅਤੇ ਬਾਜ਼ਾਰਾਂ ਵਿੱਚ ਵੀ ਕਾਰੋਬਾਰ ਮੰਦਾ ਪਿਆ ਹੋਇਆ ਹੈ। ਵਧ ਰਹੀ ਗਰਮੀ ਕਾਰਨ ਆਮ ਲੋਕਾਂ ਦੇ ਨਾਲ-ਨਾਲ ਦਿਹਾੜੀਦਾਰ ਮਜ਼ਦੂਰ ਅਤੇ ਰੇਹੜੀ-ਫੜੀ ਵਾਲੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
ਮੌਸਮ ਕੇਂਦਰ ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਬਠਿੰਡਾ ਅਤੇ ਫਰੀਦਕੋਟ ਸੂਬੇ ਦੇ ਸਭ ਤੋਂ ਗਰਮ ਸ਼ਹਿਰਾਂ ਵਿੱਚ ਸ਼ਾਮਲ ਰਹੇ। ਬਠਿੰਡਾ ਵਿੱਚ ਸਵੇਰ ਦਾ ਤਾਪਮਾਨ 30.6 ਡਿਗਰੀ ਸੈਲਸੀਅਸ ਅਤੇ ਫਰੀਦਕੋਟ ਵਿੱਚ 30.9 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੁਸ਼ਿਆਰਪੁਰ ਦਾ ਤਾਪਮਾਨ 29.1 ਡਿਗਰੀ, ਅੰਮ੍ਰਿਤਸਰ ਅਤੇ ਪਟਿਆਲਾ ਦਾ 28.5 ਡਿਗਰੀ, ਫਾਜ਼ਿਲਕਾ ਦਾ 28.4 ਡਿਗਰੀ ਅਤੇ ਲੁਧਿਆਣਾ ਦਾ 27.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਮਾਹਿਰਾਂ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧ ਸਕਦੀ ਹੈ। ਦੁਪਹਿਰ ਵੇਲੇ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਹੀਟ ਵੇਵ ਵਰਗੇ ਹਾਲਾਤ ਬਣ ਰਹੇ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਨੇ ਵੱਧ ਤੋਂ ਵੱਧ ਪਾਣੀ ਪੀਣ, ਹਲਕੇ ਕੱਪੜੇ ਪਹਿਨਣ ਅਤੇ ਧੁੱਪ ਤੋਂ ਬਚਾਅ ਲਈ ਛਤਰੀ ਜਾਂ ਗਮਛੇ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਗਰਮੀ ਦੇ ਇਸ ਕਹਿਰ ਦਾ ਅਸਰ ਬਿਜਲੀ ਦੀ ਮੰਗ ‘ਤੇ ਵੀ ਪੈ ਰਿਹਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਏ.ਸੀ. ਅਤੇ ਕੂਲਰਾਂ ਦੀ ਵਰਤੋਂ ਵਧਣ ਨਾਲ ਬਿਜਲੀ ਦੀ ਖਪਤ ਵਿੱਚ ਤੇਜ਼ੀ ਆਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਮੀਂਹ ਦੀ ਸੰਭਾਵਨਾ ਘੱਟ ਹੈ, ਜਿਸ ਕਾਰਨ ਲੋਕਾਂ ਨੂੰ ਅਜੇ ਕੁਝ ਹੋਰ ਦਿਨ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।