ਹਠੂਰ ਪੁਲਿਸ ਨੇ ਬਾਊਂਸਰ ਦੇ ਕਤਲ ’ਚ 4 ਹੋਰ ਕੀਤੇ ਗ੍ਰਿਫ਼ਤਾਰ
ਹਠੂਰ ਪੁਲਿਸ ਨੇ ਬਾਊਂਸਰ ਦੇ ਕਤਲ ’ਚ 4 ਹੋਰ ਕੀਤੇ ਗ੍ਰਿਫ਼ਤਾਰ
Publish Date: Fri, 09 Jan 2026 08:38 PM (IST)
Updated Date: Sat, 10 Jan 2026 04:09 AM (IST)

-01) ਜਗਰਾਓਂ ਅਦਾਲਤ ’ਚ ਕਤਲ ਮਾਮਲੇ ’ਚ ਸ਼ਾਮਲ ਵਿਅਕਤੀਆਂ ਨੂੰ ਪੇਸ਼ ਕਰਨ ਮੌਕੇ ਪੁਲਿਸ ਨਾਲ ਥਾਣਾ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ। - ਗ੍ਰਿਫ਼ਤਾਰ ਗੁਰਦੀਪ ਤੋਂ ਵਾਰਦਾਤ ਮੌਕੇ ਵਰਤਿਆ ਰਿਵਾਲਵਰ ਬਰਾਮਦ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਪਿੰਡ ਮਾਣੂੰਕੇ ਵਿਖੇ 4 ਦਿਨ ਪਹਿਲਾਂ ਬਾਊਂਸਰ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਅੱਜ ਪੁਲਿਸ ਨੇ ਚਾਰ ਹੋਰ ਗ੍ਰਿਫ਼ਤਾਰ ਕੀਤੇ। ਇਨ੍ਹਾਂ ਚਾਰਾਂ ’ਚ ਵਾਰਦਾਤ ’ਚ ਸ਼ਾਮਲ ਦੋ ਮੁੱਖ ਮੁਜ਼ਰਮ ਤੇ ਦੋ ਫ਼ਰਾਰ ਮੁਜ਼ਰਮਾਂ ਦੇ ਰਿਸ਼ਤੇਦਾਰ ਸ਼ਾਮਲ ਹਨ। ਇਸ ਕਤਲ ’ਚ ਮੁੱਖ ਮੁਜ਼ਰਮ ਗੁਰਸੇਵਕ ਸਿੰਘ ਉਰਫ ਮੋਟਾ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਬੀਤੀ 5 ਜਨਵਰੀ ਨੂੰ ਰੰਜਿਸ਼ ਕਾਰਨ ਸਾਬਕਾ ਕਬੱਡੀ ਖਿਡਾਰੀ ਤੇ ਬਾਊਂਸਰ ਗਗਨਦੀਪ ਸਿੰਘ ਤੇ ਉਸ ਦੇ ਸਾਥੀ ਕਬੱਡੀ ਖਿਡਾਰੀ ਏਕਮ ਸਿੰਘ ’ਤੇ ਗਰਾਊਂਡ ਜਾਂਦਿਆਂ ਵਿਰੋਧੀ ਧਿਰ ਦੇ ਗੁਰਸੇਵਕ ਸਿੰਘ ਉੁਰਫ ਮੋਟਾ ਤੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ, ਜਿਸ ’ਚ ਇਕ ਗੋਲ਼ੀ ਗਗਨਦੀਪ ਸਿੰਘ ਦੇ ਜਾ ਲੱਗੀ ਤੇ ਉਸ ਦੀ ਮੌਤ ਹੋ ਗਈ। ਜਦਕਿ ਉਸ ਦਾ ਸਾਥੀ ਕਬੱਡੀ ਖਿਡਾਰੀ ਏਕਮ ਵਾਲ-ਵਾਲ ਬੱਚ ਗਿਆ। ਇਸ ਮਾਮਲੇ ’ਚ ਹਠੂਰ ਪੁਲਿਸ ਨੇ ਗੁਰਸੇਵਕ ਸਿੰਘ ਉਰਫ ਮੋਟਾ, ਗੁਰਮੀਤ ਸਿੰਘ ਉਰਫ ਘਾਰੂ, ਪ੍ਰਦੀਪ ਦਾਸ ਉਰਫ ਪੱਪਾ, ਜਸਪਾਲ ਸਿੰਘ ਹੰਸਾ ਵਾਸੀਆਨ ਮਾਣੂੰਕੇ ਤੇ ਗੁਰਦੀਪ ਸਿੰਘ ਵਾਸੀ ਬੱਧਣੀ ਕਲਾਂ ਸਮੇਤ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ’ਚ ਗੁਰਦੀਪ ਸਿੰਘ ਵਾਸੀ ਬੱਧਣੀ ਕਲਾਂ ਨੂੰ ਵਾਰਦਾਤ ਵਾਲੇ ਦਿਨ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ। ਬੀਤੇ ਦਿਨ ਵੀਰਵਾਰ ਸ਼ਾਮ ਨੂੰ ਜਗਰਾਓਂ ਸੀਆਈਏ ਸਟਾਫ਼ ਤੇ ਥਾਣਾ ਹਠੂਰ ਦੀ ਪੁਲਿਸ ਟੀਮਾਂ ਨੇ ਛਾਪੇਮਾਰੀ ਕਰਦਿਆਂ ਕਤਲ ’ਚ ਸ਼ਾਮਲ ਗੁਰਮੀਤ ਸਿੰਘ ਉਰਫ ਘਾਰੂ ਪੁੱਤਰ ਰੱਤਾ ਸਿੰਘ ਤੇ ਜਸਪਾਲ ਸਿੰਘ ਉਰਫ ਹੰਸਾ ਪੁੱਤਰ ਤਰਸੇਮ ਸਿੰਘ ਵਾਸੀਆਨ ਮਾਣੂੰਕੇ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਫ਼ਰਾਰ ਮੁਜ਼ਰਮਾਂ ਦਾ ਸਾਥ ਦੇਣ ਵਾਲੇ ਉਨ੍ਹਾਂ ਦੇ ਦੋ ਰਿਸ਼ਤੇਦਾਰ ਚਰਨਜੀਤ ਸਿੰਘ ਉਰਫ ਪੱਪਾ ਪੁੱਤਰ ਪ੍ਰੀਤਮ ਸਿੰਘ ਵਾਸੀ ਬੱਧਣੀ ਕਲਾਂ ਤੇ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਸੂਲਪੁਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਗੁਰਮੀਤ ਸਿੰਘ ਤੋਂ ਇਕ .32 ਬੋਰ ਰਿਵਾਲਵਰ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਅੱਜ ਉਕਤ ਚਾਰਾਂ ਸਮੇਤ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਗੁਰਦੀਪ ਸਿੰਘ ਵਾਸੀ ਬੱਧਣੀ ਕਲਾਂ ਨੂੰ ਵੀ ਅਦਾਲਤ ਪੇਸ਼ ਕਰ ਕੇ ਪੰਜਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਉਕਤ ਪੰਜਾਂ ਦੀ ਪੁੱਛਗਿੱਛ ’ਚ ਫ਼ਰਾਰ ਮੋਟਾ ਤੇ ਪ੍ਰਦੀਪ ਦਾਸ ਦੀ ਗ੍ਰਿਫ਼ਤਾਰੀ ਲਈ ਠਿਕਾਣਿਆਂ ਦਾ ਪਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਲਦੀ ਦੋ ਫ਼ਰਾਰ ਮੁਜ਼ਰਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।