ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਏ ਨਾਇਬ ਸੈਣੀ
ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ
Publish Date: Mon, 12 Jan 2026 08:46 PM (IST)
Updated Date: Tue, 13 Jan 2026 04:15 AM (IST)

ਗੁਰੂ ਸਾਹਿਬ ਜੀ ਨੇ ਦੇਸ, ਧਰਮ ਤੇ ਸਮਾਜ ਲਈ ਜੋ ਕੁਰਬਾਨੀਆਂ ਕੀਤੀਆਂ ਉਸ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੇਗਾ: ਸੈਣੀ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਤਮਸਤਕ ਹੋਣ ਲਈ ਪੁੱਜੇ ਜਿੱਥੇ ਉਨ੍ਹਾਂ ਸ਼ਰਧਾ ਪੂਰਵਕ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਭਾਜਪਾ ਆਗੂ ਨਿਸ਼ੂ ਸ਼ਰਮਾ, ਆਸੂ ਸ਼ਰਮਾ, ਸੰਜੀਵ ਲੀਹਲ, ਮੰਡਲ ਪ੍ਰਧਾਨ ਸੁਖਵਿੰਦਰ ਲਾਲ ਸੁੱਖੀ ਸ਼ਰਮਾ, ਰਾਜੇਸ਼ ਲੀਹਲ, ਡਾ. ਸੰਜੀਵ ਗਰਗ, ਕਪਿਲ ਦੇਵ ਤਾਰਾ ਹਾਜ਼ਰ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਉਸ ਇਤਿਹਾਸਕ ਜੰਡ ਸਾਹਿਬ ਦੇ ਦਰਸ਼ਨ ਕਰਵਾਉਂਦਿਆਂ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਸਾਰਾ ਪਰਿਵਾਰ ਵਾਰ ਕੇ ‘ਮਿੱਤਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ’ ਸ਼ਬਦ ਉਚਾਰਨ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹਲਕਾ ਸਮਰਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਨਿਸ਼ੂ ਸ਼ਰਮਾ ਦੇ ਸੱਦੇ ’ਤੇ ਮਾਛੀਵਾੜਾ ਸਾਹਿਬ ਪੁੱਜੇ ਸਨ। ਅੱਜ ਉਹ ਕੇਸਰੀ ਦਸਤਾਰ ਸਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ। ਉਨ੍ਹਾਂ ਵਲੋਂ ਗੁਰੂ ਘਰ ਵਿਚ ਜੋ ਕਾਰ ਸੇਵਾ ਵਾਲੇ ਬਾਬਾ ਜੀ ਦੀ ਟੋਕਰੀ ਸੀ ਉਸ ਵਿਚ ਸ਼ਰਧਾ ਅਨੁਸਾਰ ਭੇਟਾ ਦਿੱਤੀ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਝ ਸਿਆਸੀ ਆਗੂ ਗੁਰੂ ਸਾਹਿਬਾਨਾਂ ਬਾਰੇ ਅਪਸ਼ਬਦ ਬੋਲਦੇ ਹਨ ਉਹ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਇਸ ਬਾਰੇ ਤਾਂ ਸੋਚਣਾ ਵੀ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਇਤਿਹਾਸ ਕੁਝ ਹੋਰ ਹੁੰਦਾ। ਇਸ ਤੋਂ ਇਲਾਵਾ ਉਹ ਜਾਂਦੇ ਸਮੇਂ ਮਾਛੀਵਾੜਾ ਵਿਖੇ ਸਥਿਤ ਭਾਜਪਾ ਦਫ਼ਤਰ ਵਿਖੇ ਰੁਕੇ ਜਿੱਥੇ ਮੰਡਲ ਪ੍ਰਧਾਨ ਸੁੱਖੀ ਸ਼ਰਮਾ ਵਲੋਂ ਉਨ੍ਹਾਂ ਦਾ ਸਵਾਗਤ ਕਰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਉਸ ਪਵਿੱਤਰ ਖੂਹ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ ਜਿੱਥੇ ਗੁਰੂ ਸਾਹਿਬ ਜੀ ਨੇ ਠੰਢਾ ਮਿੱਠਾ ਜਲ ਛਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦੇ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਇਤਿਹਾਸਕ ਧਰਤੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਦੇਸ਼, ਸਮਾਜ ਅਤੇ ਧਰਮ ਲਈ ਜੋ ਕੁਰਬਾਨੀਆਂ ਕੀਤੀਆਂ ਇਤਿਹਾਸ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ। ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਵਲੋਂ ਨਾਇਬ ਸਿੰਘ ਸੈਣੀ ਨੂੰ ਸਿਰੋਪਾਓ ਤੇ ਗੁਰੂ ਸਾਹਿਬ ਜੀ ਦਾ ਚਿੱਤਰ ਭੇਟ ਕਰ ਸਨਮਾਨਿਤ ਵੀ ਕੀਤਾ।