ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਦੀ ਹੈ ਬਾਣੀ : ਸੰਤ ਅਮੀਰ ਸਿੰਘ
ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ ਗੁਰੂ ਸਾਹਿਬ ਦੀ ਬਾਣੀ-ਸੰਤ ਅਮੀਰ ਸਿੰਘ
Publish Date: Tue, 18 Nov 2025 09:12 PM (IST)
Updated Date: Wed, 19 Nov 2025 04:14 AM (IST)

ਜਵੱਦੀ ਟਕਸਾਲ ਵਿਖੇ ਕਰਵਾਇਆ ਤੀਜਾ ਵਿਸ਼ੇਸ਼ ਸੈਮੀਨਾਰ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਮੰਗਲਵਾਰ ਨੂੰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਗੁਰੂ ਤੋਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਸਬੰਧ ਚ ਤੀਜਾ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪਹਿਲੇ ਬੁਲਾਰੇ ਡਾਕਟਰ ਸਰਬਜਿੰਦਰ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਧਰਮ ਕੇਵਲ ਮੱਥਾ ਟੇਕਣ ਨਾਲ ਹੀ ਸੰਬੰਧਿਤ ਨਹੀਂ ਹੁੰਦਾ, ਧਰਮ ਦਾ ਸਬੰਧ ਵਿਚਾਰਾਂ ਦੇ ਅਦਾਨ ਪ੍ਰਦਾਨ ਅਤੇ ਆਪਣੀ ਵਿਰਾਸਤ ਨੂੰ ਸਾਭਣ ਨਾਲ ਵੀ ਹੁੰਦਾ ਹੈ। ਉਨਾਂ ਹਲੂਣੇ ਭਰੇ ਬੋਲਾਂ ਵਿੱਚ ਕਿਹਾ ਕਿ ਜਿਹੜੀ ਕੌਮ ਆਪਣੀ ਵਿਰਾਸਤ ਵੱਲ ਰੁਖ ਕਰਕੇ ਤੁਰਦੀ ਹੈ ਉਹ ਸਦੀਵੀ ਕਾਲ ਤੱਕ ਜਿਉਂਦੀ ਰਹੀ ਹੈ। ਸੈਮੀਨਾਰ ਦੇ ਦੂਜੇ ਮੁੱਖ ਬੁਲਾਰੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਆਪਣੇ ਸੰਬੋਧਨ ’ਚ ਰੂਹਾਨੀ ਪੱਖਾਂ ਦੇ ਨਾਲ-ਨਾਲ ਮਨੋਵਿਿਗਆਨਿਕ ਪੱਖਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਇਤਿਹਾਸਕ ਪੱਖਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਧਰਮ ਪਰਿਵਰਤਨ ਦੀ ਸੰਕਟਮਈ ਘੜੀ ਚ ਦੇਸ਼ ਭਰ ਦੇ ਵੱਖ ਵੱਖ ਖਿੱਤਿਆਂ ਤੋਂ ਕਸ਼ਮੀਰੀ ਪੰਡਤ ਗੁਰੂ ਸਾਹਿਬ ਜੀ ਦੇ ਸਨਮੁੱਖ ਫਰਿਆਦ ਲੈ ਕੇ ਹਾਜ਼ਰ ਹੋਏ ਸਨ, ਉਸ ਵੇਲੇ ਗੁਰੂ ਸਾਹਿਬ ਅਨਾਥ ਭਾਰਤ ਦੇ ਸਹਾਇਕ ਬਣ ਕੇ ਸਹਾਈ ਹੋਏ, ਮਜਲੂਮਾਂ ਦੀ ਬਾਂਹ ਫੜੀ ਤੇ ਆਪਣੀ ਸ਼ਹਾਦਤ ਦੇ ਕੇ ਸ਼ਰਨਾਗਤ, ਪ੍ਰਤਿਪਾਲਕ, ਸਰਨ ਆਇਆ ਦੇ ਧਰਮ ਦੀ ਰਾਖੀ ਕੀਤੀ। ਡਾਕਟਰ ਸਰਬਜੀਤ ਕੌਰ ਸੰਧਾਵਾਲੀਆ ਨੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਸਰਬ ਸਾਂਝੇ ਰਹਿਬਰ, ਮਿਹਰ ਦੀ ਮੂਰਤ, ਬਿਰਦ-ਪਾਲਕ, ਸੁਖਦਾਤੇ, ਮਿਠ-ਬੋਲੜੇ, ਨਿਰਛਲ, ਨਿਰਭੈ, ਪੁਰਤੇਜ, ਪਰਨੂਰ ਸ਼ਖਸ਼ੀਅਤ ਦਾ ਸਮੁੱਚਾ ਜੀਵਨ ਅਛੋਹ ਸਿਖਰਾਂ ਦੀ ਕਹਾਣੀ ਹੈ। ਪਰਉਪਕਾਰ ਲਈ ਆਪਣੇ ਨਿਰਮੋਲਕ ਜਿੰਦ ਵਾਰਨ ਵਾਲੇ ਸਤਿਗੁਰੂ ਜੀ ਦੀ ਮਹਾਨ ਸ਼ਹਾਦਤ ਨੂੰ ਅੱਜ ਸਾਰੀ ਇਨਸਾਨੀਅਤ ਨਤਮਸਤਕ ਹੋ ਰਹੀ ਹੈ। ਇਸ ਮੌਕੇ ਡਾ. ਅਨੁਰਾਗ ਸਿੰਘ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਸੈਮੀਨਾਰ ਦੇ ਅੰਤਕੇ ਪਲਾਂ ’ਚ ਸੰਤ ਬਾਬਾ ਅਮੀਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਬੰਧੀ ਸਰੋਤਾਂ ਅਤੇ ਸਮਕਾਲੀ ਪਰਿਸਥਿਤੀਆਂ ਦਾ ਮੁਲਾਂਕਣ ਕਰਨ ਵਾਲੇ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਜੀ ਦੀ ਬਾਣੀ ਮਨੁੱਖੀ ਚੇਤਨਾ ਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਤ ਕਰਦੀ ਹੈ। ਮਨੁੱਖੀ ਅਧਿਕਾਰਾਂ ਦੇ ਸੰਦਰਭ ਚ ਸ਼ਹਾਦਤ, ਮਨ ਦੀ ਸੋਚ ਦੀ ਸੁਤੰਤਰਤਾ, ਜਬਰ-ਜੁਲਮ ਖਿਲਾਫ ਆਵਾਜ਼ ਬੁਲੰਦ ਕਰਨ, ਜੀਵਨ ਤੱਕ ਕੁਰਬਾਨ ਕਰ ਦੇਣ ਦੀ ਭਾਵਨਾ ਪੈਦਾ ਕਰਦੀ ਹੈ। ਗੁਰੂ ਜੀ ਨੇ ਪਾਕੀਜ਼ਗੀ, ਸੰਜੀਦਗੀ, ਸਹਿਣਸ਼ੀਲਤਾ, ਧੀਰਜ, ਮਿਠਤਾ, ਪ੍ਰੇਮ ਤੇ ਕਰੁਣਾ ਸਦਕਾ ਮਾਨਵਤਾ ਦੇ ਦੁੱਖਾਂ ਦੀ ਮੱਸਿਆ ਨੂੰ ਪ੍ਰਕਾਸ਼ਮਈ ਜੀਵਨ ਬਖਸ਼ਿਆ। ਆਪ ਜੀ ਦਾ ਦੇਸ਼-ਕੌਮ ਅਤੇ ਮਨੁੱਖਤਾ ਤੇ ਬਹੁਤ ਵੱਡਾ ਕਰਜ਼ ਹੈ, ਜਿਸ ਦਾ ਰਿਣ ਕਦੇ ਨਹੀਂ ਚੁਕਾਇਆ ਜਾ ਸਕਦਾ। ਸੰਤ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿਖੇ 26 ਅਕਤੂਬਰ ਤੋਂ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਆਰੰਭ ਕੀਤੇ ਹੋਏ ਹਨ। ਇਸ ਦੌਰਾਨ ਅੱਜ ਦੇ ਤੀਜੇ ਸੈਮੀਨਾਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਨੂੰ ਸਮਰਪਿਤ ਸੈਮੀਨਾਰ ਚੋਂ ਜਿੱਥੇ ਸਰੋਤਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ ਜਾਣਕਾਰੀ ਮਿਲੀ, ਉਥੇ ਗੁਰੂ ਸਾਹਿਬ ਜੀ ਵੱਲੋਂ ਉਚਰਿਤ ਬਾਣੀ ਵਿਚਲੇ ਵੱਖ-ਵੱਖ ਸਰੋਕਾਰਾਂ ਅਤੇ ਉਪਦੇਸ਼ਾਂ ਸਬੰਧੀ ਜਾਣਕਾਰੀ ਹਾਸਿਲ ਕਰਕੇ ਆਤਮਿਕ ਅਤੇ ਰੂਹਾਨੀ ਆਨੰਦ ਮਿਲਿਆ।