ਲੁਧਿਆਣਾ ’ਚ ‘ਆਪ’ ਦੀ ਧੰਨਵਾਦ ਰੈਲੀ ’ਚ ਚੱਲੀਆਂ ਤਾੜ-ਤਾੜ ਗੋਲੀਆਂ, ਸਾਬਕਾ ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਕੀਤੀ ਫਾਇਰਿੰਗ, ਪੰਜ ਜ਼ਖ਼ਮੀ
ਜ਼ਖ਼ਮੀਆਂ ’ਚ ਚਾਰ ਆਪ ਵਰਕਰ ਗੁਰਮੁਖ ਸਿੰਘ, ਰਵਿੰਦਰ ਸਿੰਘ, ਮਨਦੀਪ ਸਿੰਘ ਤੇ ਨਿਹੰਗ ਗੁਰਦੀਪ ਸਿੰਘ, ਜਦਕਿ ਦੂਜੀ ਧਿਰ ਤੋਂ ਸਾਬਕਾ ਕਾਂਗਰਸੀ ਸਰਪੰਚ ਦਾ ਪੁੱਤਰ ਊਧਮ ਸਿੰਘ ਸ਼ਾਮਲ ਹੈ। ਸਾਰਿਆਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
Publish Date: Fri, 19 Dec 2025 08:09 AM (IST)
Updated Date: Fri, 19 Dec 2025 08:12 AM (IST)

ਜਾਗਰਣ ਸੰਵਾਦਦਾਤਾ, ਲੁਧਿਆਣਾ : ਬਲਾਕ ਸੰਮਤੀ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਬੁੱਧਵਾਰ ਸ਼ਾਮ ਮਾਲੇਰਕੋਟਲਾ ਰੋਡ ਦੇ ਨਜ਼ਦੀਕ ਬਚਿੱਤਰ ਨਗਰ ’ਚ ਖ਼ੂਨ-ਖ਼ਰਾਬੇ ’ਚ ਬਦਲ ਗਿਆ। ਇੱਥੇ ਆਪ ਤੇ ਕਾਂਗਰਸ ਸਮਰਥਕਾਂ ਦੇ ਦੋ ਧੜੇ ਆਹਮੋ-ਸਾਹਮਣੇ ਹੋ ਗਏ। ਪਹਿਲਾਂ ਦੋਵਾਂ ਪਾਸਿਓਂ ਪੱਥਰਬਾਜ਼ੀ ਹੋਈ ਤੇ ਫਿਰ ਇਕ ਧੜੇ ਨੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੰਜ ਲੋਕ ਗੋਲ਼ੀ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਚਾਰ ਆਪ ਵਰਕਰ ਗੁਰਮੁਖ ਸਿੰਘ, ਰਵਿੰਦਰ ਸਿੰਘ, ਮਨਦੀਪ ਸਿੰਘ ਤੇ ਨਿਹੰਗ ਗੁਰਦੀਪ ਸਿੰਘ, ਜਦਕਿ ਦੂਜੀ ਧਿਰ ਤੋਂ ਸਾਬਕਾ ਕਾਂਗਰਸੀ ਸਰਪੰਚ ਦਾ ਪੁੱਤਰ ਊਧਮ ਸਿੰਘ ਸ਼ਾਮਲ ਹੈ। ਸਾਰਿਆਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਤੇ ਜ਼ਖ਼ਮੀਆਂ ਦਾ ਦੋਸ਼ ਹੈ ਕਿ ਸਾਬਕਾ ਕਾਂਗਰਸੀ ਸਰਪੰਚ ਜਸਬੀਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 20 ਤੋਂ 25 ਰਾਊਂਡ ਫਾਇਰਿੰਗ ਕੀਤੀ। ਜਸਬੀਰ ਸਿੰਘ ਬਲਾਕ ਸੰਮਤੀ ਚੋਣਾਂ ਲੜਿਆ ਸੀ ਤੇ ਹਾਰ ਗਿਆ ਸੀ। ਇੰਟਰਨੈੱਟ ਮੀਡੀਆ ’ਤੇ ਵਾਇਰਲ ਵੀਡੀਓ ’ਚ ਇਕ ਵਿਅਕਤੀ ਹੱਥ ’ਚ ਕਾਂਗਰਸ ਦਾ ਝੰਡਾ ਲਈ ਦੂਜੇ ਹੱਥ ਨਾਲ ਫਾਇਰਿੰਗ ਕਰਦਾ ਸਾਫ਼ ਨਜ਼ਰ ਆ ਰਿਹਾ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ ’ਚ ਆਪ ਵਰਕਰ ਮਰਾਡੋ ਚੌਕੀ ਦੇ ਬਾਹਰ ਧਰਨੇ ’ਤੇ ਬੈਠ ਗਏ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮਾਲੇਰਕੋਟਲਾ ਹਾਈਵੇ ਜਾਮ ਕਰ ਦਿੱਤਾ ਗਿਆ, ਜਿਸ ਨਾਲ ਲਗਪਗ ਇਕ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ। ਪੁਲਿਸ ਨੇ ਲੋਕਾਂ ਨੂੰ ਸਮਝਾਉਣ ਤੋਂ ਬਾਅਦ ਜਾਮ ਖੁੱਲ੍ਹਵਾਇਆ। ਦੇਰ ਰਾਤ ਤੱਕ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮੁੱਖ ਮੁਲਜ਼ਮ ਫ਼ਰਾਰ ਹੈ।