ਲੁਧਿਆਣਾ ਦੇ ਫੀਲਡ ਗੰਜ 'ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਦੋ ਗੁੱਟਾਂ ਵਿਚਾਲੇ ਫਿਰ ਭੜਕੀ ਗੈਂਗਵਾਰ
ਸੂਤਰਾਂ ਮੁਤਾਬਕ, ਇਹ ਦੋਵੇਂ ਗੈਂਗ ਪਹਿਲਾਂ ਵੀ ਸ਼ਹਿਰ ਵਿੱਚ ਕਾਫ਼ੀ ਸਮੇਂ ਤੱਕ ਸਰਗਰਮ ਰਹੇ ਹਨ। ਪੁਲਿਸ ਵੱਲੋਂ ਕੀਤੀਆਂ ਕਾਰਵਾਈਆਂ ਅਤੇ ਮੁਕਾਬਲਿਆਂ ਤੋਂ ਬਾਅਦ ਕੁਝ ਸਮੇਂ ਲਈ ਅਜਿਹੀਆਂ ਗਤੀਵਿਧੀਆਂ ਠੰਡੀਆਂ ਪੈ ਗਈਆਂ ਸਨ, ਪਰ ਹੁਣ ਇੱਕ ਵਾਰ ਫਿਰ ਤਣਾਅ ਵਧਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲਾ ਗਰੁੱਪ ਲੰਮੇ ਸਮੇਂ ਤੋਂ ਪੁਲਿਸ ਦੀ ਗਿਰਫਤ ਤੋਂ ਬਾਹਰ ਚੱਲ ਰਿਹਾ ਹੈ।
Publish Date: Tue, 28 Apr 2026 11:23 AM (IST)
Updated Date: Tue, 28 Apr 2026 11:27 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ । ਲੁਧਿਆਣਾ ਸ਼ਹਿਰ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਇੱਕ ਵਾਰ ਫਿਰ ਚਿੰਤਾ ਦਾ ਕਾਰਨ ਬਣਦੀਆਂ ਨਜ਼ਰ ਆ ਰਹੀਆਂ ਹਨ। ਬੀਤੀ ਦੇਰ ਰਾਤ ਕਰੀਬ 12:30 ਵਜੇ ਫੀਲਡ ਗੰਜ ਇਲਾਕੇ ਵਿੱਚ ਉਸ ਸਮੇਂ ਖੌਫ ਦਾ ਮਾਹੌਲ ਬਣ ਗਿਆ, ਜਦੋਂ ਕੁਝ ਨੌਜਵਾਨਾਂ ਵੱਲੋਂ ਇਕ ਦਫ਼ਤਰ ਵਿੱਚ ਬੈਠੇ ਹੋਰ ਗਰੁੱਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਵਿੱਚ ਕਿਸੇ ਦੇ ਜਖ਼ਮੀ ਹੋਣ ਦਾ ਬਚਾਅ ਹੀ ਰਿਹਾ, ਹਾਲਾਂਕਿ ਇੱਕ ਹਮਲਾਵਰ ਨੂੰ ਮੌਕੇ ‘ਤੇ ਹੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਫੀਲਡ ਗੰਜ ਇਲਾਕੇ ਵਿੱਚ ਸਥਿਤ ਇਕ ਦਫ਼ਤਰ ਅੰਦਰ ਕੁਝ ਨੌਜਵਾਨ ਬੈਠੇ ਹੋਏ ਸਨ ਕਿ ਅਚਾਨਕ ਮੋਟਰਸਾਈਕਲ ਸਵਾਰ ਹਮਲਾਵਰ ਉਥੇ ਪਹੁੰਚ ਗਏ ਅਤੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਾਇਰਿੰਗ ਦੀ ਇਸ ਘਟਨਾ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸੂਤਰਾਂ ਮੁਤਾਬਕ, ਇਹ ਦੋਵੇਂ ਗੈਂਗ ਪਹਿਲਾਂ ਵੀ ਸ਼ਹਿਰ ਵਿੱਚ ਕਾਫ਼ੀ ਸਮੇਂ ਤੱਕ ਸਰਗਰਮ ਰਹੇ ਹਨ। ਪੁਲਿਸ ਵੱਲੋਂ ਕੀਤੀਆਂ ਕਾਰਵਾਈਆਂ ਅਤੇ ਮੁਕਾਬਲਿਆਂ ਤੋਂ ਬਾਅਦ ਕੁਝ ਸਮੇਂ ਲਈ ਅਜਿਹੀਆਂ ਗਤੀਵਿਧੀਆਂ ਠੰਡੀਆਂ ਪੈ ਗਈਆਂ ਸਨ, ਪਰ ਹੁਣ ਇੱਕ ਵਾਰ ਫਿਰ ਤਣਾਅ ਵਧਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲਾ ਗਰੁੱਪ ਲੰਮੇ ਸਮੇਂ ਤੋਂ ਪੁਲਿਸ ਦੀ ਗਿਰਫਤ ਤੋਂ ਬਾਹਰ ਚੱਲ ਰਿਹਾ ਹੈ।
ਇਹ ਵੀ ਚਰਚਾ ਵਿੱਚ ਹੈ ਕਿ ਇਸੇ ਗੈਂਗ ਵੱਲੋਂ ਪਹਿਲਾਂ ਇਕ ਵਿਆਹ ਸਮਾਰੋਹ ਦੌਰਾਨ ਵੀ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਸੋਮਵਾਰ ਰਾਤ ਦੀ ਇਸ ਵਾਰਦਾਤ ਤੋਂ ਬਾਅਦ ਬਾਕੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਲਿਆ। ਨਾਲ ਹੀ, ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਹਮਲਾਵਰਾ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ।