ਕਾਰਵਾਈ ਦੌਰਾਨ ਜੀਐੱਸਟੀ ਨੇ ਕਬਜ਼ੇ ’ਚ ਲਿਆ ਰਿਕਾਰਡ
ਮਨੀ ਰਾਮ ਬਲਵੰਤ ਰਾਏ ਸ਼ੌਰੂਮ ਤੋਂ ਕਾਰਵਾਈ ਦੌਰਾਨ ਜੀਐੱਸਟੀ ਨੇ ਕਬਜ਼ੇ ਵਿੱਚ ਲਿਆ ਰਿਕਾਰਡ
Publish Date: Tue, 02 Dec 2025 11:11 PM (IST)
Updated Date: Wed, 03 Dec 2025 04:15 AM (IST)

ਸੋਮਵਾਰ ਤੋਂ ਸ਼ੁਰੂ ਹੋਈ ਮੰਗਲਵਾਰ ਦੁਪਹਿਰ ਤੱਕ ਚੱਲੀ ਕਾਰਵਾਈ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਤੇ ਨਾਮੀ ਕਾਰੋਬਾਰੀ ਮਨੀ ਰਾਮ ਬਲਵੰਤ ਰਾਏ ਸਟੋਰ ਦੇ ਪੁਰਾਣੀ ਕਚਹਿਰੀ ਨਜ਼ਦੀਕ ਸ਼ੋਅਰੂਮ ਤੇ ਜੀਐਸਟੀ ਵਿਭਾਗ ਵੱਲੋਂ ਮੰਗਲਵਾਰ ਵੀ ਕਾਰਵਾਈ ਜਾਰੀ ਰਖੀ ਗਈ। ਪਵੇਲੀਅਨ ਮਾਲ ਦੇ ਨਜ਼ਦੀਕ ਕਾਰੋਬਾਰੀ ਦੇ ਕਾਸਮੈਟਿਕ ਸਟੋਰ ਤੇ ਵਿਭਾਗ ਵੱਲੋਂ ਸੋਮਵਾਰ ਨੂੰ ਦੁਪਹਿਰ ਵੇਲੇ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜੋਕਿ ਮੰਗਲਵਾਰ ਤੱਕ ਜਾਰੀ ਰਹੀ। ਜੀਐਸਟੀ ਵਿਭਾਗ ਦੀ ਟੀਮ ਸੋਮਵਾਰ ਨੂੰ ਕਰੀਬ ਸਾਢੇ 11 ਵਜੇ ਸ਼ੋਅ ਰੂਮ ਵਿੱਚ ਦਾਖ਼ਲ ਹੋਈ ਅਤੇ ਸਟੋਰ ਦੇ ਬਿਲਿੰਗ ਸਟਾਕ ਅਤੇ ਟੈਕਸ ਭੁਗਤਾਨ ਨਾਲ ਸਬੰਧਤ ਰਿਕਾਰਡ ਖੰਘਾਲਨਾ ਸ਼ੁਰੂ ਕੀਤਾ ਗਿਆ। ਇਸ ਕਾਰਵਾਈ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਦੀ ਸਟੋਰ ਵਿੱਚ ਆਵਾਜਾਹੀ ਰੋਕੀ ਰੱਖੀ ਗਈ। ਕਰੀਬ 17 ਤੋਂ 18 ਘੰਟੇ ਤੱਕ ਚੱਲੀ ਕਾਰਵਾਈ ਮਗਰੋਂ ਮੰਗਲਵਾਰ ਟੀਮ ਵਾਪਿਸ ਗਈ ਅਤੇ ਸਟੋਰ ਵਿੱਚ ਪਹਿਲਾਂ ਦੀ ਤਰ੍ਹ ਖਰੀਦੋ ਫਰੋਖਤ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜੀਐਸਟੀ ਵਿਭਾਗ ਦੀ ਟੀਮ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਨੀ ਰਾਮ ਬਲਵੰਤ ਰਾਏ ਨਾਮ ਦੇ ਨਾਮਚੀਨ ਕਾਰੋਬਾਰੀ ਦੇ ਕਾਸਮੈਟਿਕ ਸਟੋਰ ਵਿੱਚ ਅਚਨਚੇਤ ਚੈਕਿੰਗ ਲਈ ਦਾਖਲ ਹੋਈ। ਵਿਭਾਗ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰਦੇ ਹੀ ਸਟੋਰ ਦੇ ਸਟਾਫ ਨੂੰ ਅੰਦਰੋਂ ਬਾਹਰ ਜਾਂ ਬਾਹਰੋਂ ਕਿਸੇ ਵੀ ਹੋਰ ਵਿਅਕਤੀ ਨੂੰ ਅੰਦਰ ਜਾਣ ਦੀ ਆਵਾਜਾਈ ਉੱਪਰ ਰੋਕ ਲਗਾਈ। ਮਿਲੀ ਜਾਣਕਾਰੀ ਮੁਤਾਬਿਕ ਜੀਐਸਟੀ ਵਿਭਾਗ ਦੇ ਕਰਮਚਾਰੀਆਂ ਨੇ ਸਟੋਰ ਵਿੱਚ ਪਿਛਲੇ ਸਮੇਂ ਤੇ ਖਰੀਦੋ ਫਰੋਖਤ ਨਾਲ ਸਬੰਧਿਤ ਕੰਪਿਊਟਰ ਅਤੇ ਸਟਾਕ ਰਿਕਾਰਡ ਕਬਜੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ। ਸੋਮਵਾਰ ਦੁਪਹਿਰ ਤੋਂ ਸ਼ੁਰੂ ਹੋਈ ਇਹ ਜਾਂਚ ਕਾਰਵਾਈ ਰਾਤ ਭਰ ਜਾਰੀ ਰਹੀ ਅਤੇ ਮੰਗਲਵਾਰ ਤੜਕੇ ਕਰੀਬ 6 ਵਜੇ ਤੱਕ ਵਿਭਾਗ ਦੀਆਂ ਟੀਮਾਂ ਵੱਲੋਂ ਅਹਿਮ ਰਿਕਾਰਡ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਅਸਲ ਨਾਲੋਂ ਘੱਟ ਟੈਕਸ ਜਮ੍ਹਾ ਹੋਣ ਸਬੰਧੀ ਸ਼ੱਕ ਦੇ ਚੱਲਦੇ ਇਹ ਕਾਰਵਾਈ ਵਿਭਾਗ ਵੱਲੋਂ ਅਮਲ ਵਿੱਚ ਲਿਆਉਂਦੇ ਹੋਏ ਬੀਤੇ ਸਮੇਂ ਦੌਰਾਨ ਕੀਤੀ ਗਈ ਅਸਲ ਸੇਲ, ਕੁੱਲ ਬਿਲਿੰਗ ਅਤੇ ਜਮ੍ਹਾਂ ਕਾਰਵਾਈ ਗਈ ਜੀਐਸਟੀ ਦਾ ਲੇਖਾ ਜੋਖਾ ਕਬਜ਼ੇ ਵਿੱਚ ਲਿਆ ਗਿਆ ਹੈ। ਹਲਾਂਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਕਤ ਕਾਰਵਾਈ ਦੌਰਾਨ ਕਿਸੇ ਤਰਾਂ ਦੇ ਵੀ ਘੁਟਾਲੇ ਬਾਰੇ ਅਧਿਕਾਰਿਤ ਤੌਰ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਕਾਰਵਾਈ ਦਾ ਸਿੱਟਾ ਜਰੂਰ ਸਾਂਝਾ ਕਰੇਗਾ।