ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ! 2026 ਤੱਕ ਸ਼ਹਿਰ ਨੂੰ ਕੂੜਾ-ਮੁਕਤ ਬਣਾਉਣ ਦਾ ਟੀਚਾ, ਆਧੁਨਿਕ ਤਕਨੀਕ ਨਾਲ ਹੋਵੇਗਾ ਰਹਿੰਦ-ਖੂੰਹਦ ਦਾ ਨਿਪਟਾਰਾ
ਲੁਧਿਆਣਾ ਨਗਰ ਨਿਗਮ ਵੱਲੋਂ ਸਮਾਰਟ ਸਿਟੀ ਮਿਸ਼ਨ ਦੇ ਤਹਿਤ 2026 ਤੱਕ ਸ਼ਹਿਰ ਨੂੰ ਕੂੜਾ-ਮੁਕਤ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਾਲਾਂ ਤੋਂ ਕੂੜੇ ਦੇ ਡੰਪਾਂ, ਗੈਰ-ਕਾਨੂੰਨੀ ਡੰਪਿੰਗ ਅਤੇ ਵਾਤਾਵਰਣੀ ਪ੍ਰਦੂਸ਼ਣ ਨਾਲ ਜੂਝ ਰਹੇ ਲੁਧਿਆਣਾ ਲਈ ਇਹ ਯੋਜਨਾਵਾਂ ਨਵੀਂ ਉਮੀਦ ਬਣ ਕੇ ਸਾਹਮਣੇ ਆ ਰਹੀਆਂ ਹਨ। ਨਗਰ ਨਿਗਮ ਵੱਲੋਂ ਕੂੜੇ ਦੇ ਵਿਗਿਆਨਿਕ ਨਿਪਟਾਰੇ, ਰੀਸਾਈਕਲਿੰਗ ਅਤੇ ਸਮਾਰਟ ਟੈਕਨੋਲੋਜੀ ਆਧਾਰਤ ਪ੍ਰੋਜੈਕਟਾਂ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
Publish Date: Thu, 01 Jan 2026 12:28 PM (IST)
Updated Date: Thu, 01 Jan 2026 12:30 PM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਨਗਰ ਨਿਗਮ ਵੱਲੋਂ ਸਮਾਰਟ ਸਿਟੀ ਮਿਸ਼ਨ ਦੇ ਤਹਿਤ 2026 ਤੱਕ ਸ਼ਹਿਰ ਨੂੰ ਕੂੜਾ-ਮੁਕਤ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਾਲਾਂ ਤੋਂ ਕੂੜੇ ਦੇ ਡੰਪਾਂ, ਗੈਰ-ਕਾਨੂੰਨੀ ਡੰਪਿੰਗ ਅਤੇ ਵਾਤਾਵਰਣੀ ਪ੍ਰਦੂਸ਼ਣ ਨਾਲ ਜੂਝ ਰਹੇ ਲੁਧਿਆਣਾ ਲਈ ਇਹ ਯੋਜਨਾਵਾਂ ਨਵੀਂ ਉਮੀਦ ਬਣ ਕੇ ਸਾਹਮਣੇ ਆ ਰਹੀਆਂ ਹਨ। ਨਗਰ ਨਿਗਮ ਵੱਲੋਂ ਕੂੜੇ ਦੇ ਵਿਗਿਆਨਿਕ ਨਿਪਟਾਰੇ, ਰੀਸਾਈਕਲਿੰਗ ਅਤੇ ਸਮਾਰਟ ਟੈਕਨੋਲੋਜੀ ਆਧਾਰਤ ਪ੍ਰੋਜੈਕਟਾਂ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਸੀਐਂਡਡੀ, ਵੈਸਟ ਪਲਾਂਟ ਨਾਲ ਡੰਪਿੰਗ ‘ਤੇ ਲੱਗੇਗੀ ਲਗਾਮ
ਸਮਾਰਟ ਸਿਟੀ ਪ੍ਰੋਜੈਕਟ ਅਧੀਨ ਢੰਡਾਰੀ ਇਲਾਕੇ ਵਿੱਚ ਤਿਆਰ ਕੀਤਾ ਗਿਆ ਕਨਸਟਰਕਸ਼ਨ ਐਂਡ ਡੈਮੋਲੀਸ਼ਨ (ਸੀਐਂਡਡੀ) ਵੈਸਟ ਪ੍ਰੋਸੈਸਿੰਗ ਪਲਾਂਟ ਸ਼ਹਿਰ ਲਈ ਗੇਮ-ਚੇਂਜਰ ਸਾਬਤ ਹੋਣ ਦੀ ਉਮੀਦ ਹੈ। ਇਹ ਪਲਾਂਟ ਹਰ ਰੋਜ਼ ਲਗਭਗ 100 ਟਨ ਨਿਰਮਾਣ ਕੂੜੇ ਨੂੰ ਪ੍ਰੋਸੈਸ ਕਰਕੇ ਉਸ ਨੂੰ ਮੁੜ ਵਰਤੋਂਯੋਗ ਸਮੱਗਰੀ ਵਿੱਚ ਬਦਲੇਗਾ। ਇਸ ਨਾਲ ਸੜਕਾਂ, ਖਾਲੀਆਂ ਪਲਾਟਾਂ ਅਤੇ ਡੰਪਾਂ ‘ਤੇ ਸੁੱਟਿਆ ਜਾਣ ਵਾਲਾ ਮਲਬਾ ਘੱਟ ਹੋਵੇਗਾ।
ਪੁਰਾਣੇ ਕੂੜੇ ਤੋਂ ਮੁਕਤੀ ਲਈ ਬਾਇਓ-ਰੀਮੀਡੀਏਸ਼ਨ
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਲਾਂ ਤੋਂ ਜਮਾ ਲੈਗੇਸੀ ਵੈਸਟ ਨਗਰ ਨਿਗਮ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ। ਸਮਾਰਟ ਸਿਟੀ ਮਿਸ਼ਨ ਦੇ ਸਹਿਯੋਗ ਨਾਲ ਬਾਇਓ-ਰੀਮੀਡੀਏਸ਼ਨ ਤਕਨੀਕ ਰਾਹੀਂ ਇਸ ਪੁਰਾਣੇ ਕੂੜੇ ਨੂੰ ਹੌਲੀ-ਹੌਲੀ ਖਤਮ ਕਰਨ ਦੀ ਪ੍ਰਕਿਰਿਆ ਜਾਰੀ ਹੈ। ਨਿਗਮ ਦਾ ਦਾਅਵਾ ਹੈ ਕਿ 2026 ਤੱਕ ਡੰਪਾਂ ਦਾ ਆਕਾਰ ਕਾਫ਼ੀ ਹੱਦ ਤੱਕ ਘੱਟ ਕਰ ਦਿੱਤਾ ਜਾਵੇਗਾ।
ਹਰਾ ਕੂੜਾ ਬਣੇਗਾ ਬਾਇਓਫਿਊਲ
ਬਾਗਵਾਨੀ ਅਤੇ ਹਰੇ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਵੱਲੋਂ ਵੇਸਟ-ਟੂ-ਬਾਇਓਫਿਊਲ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਯੋਜਨਾ ਨਾਲ ਹਰੇ ਕੂੜੇ ਨੂੰ ਸਾੜਨ ਦੀ ਪ੍ਰਥਾ ਰੁਕੇਗੀ ਅਤੇ ਵਾਤਾਵਰਣ ਪ੍ਰਦੂਸ਼ਣ ਵਿੱਚ ਕਮੀ ਆਵੇਗੀ।
ਡੋਰ-ਟੂ-ਡੋਰ ਕਲੈਕਸ਼ਨ ਅਤੇ ਸਮਾਰਟ ਨਿਗਰਾਨੀ
ਸਮਾਰਟ ਸਿਟੀ ਪ੍ਰੋਜੈਕਟਾਂ ਹੇਠ ਘਰ-ਘਰੋਂ ਕੂੜਾ ਇਕੱਤਰ ਕਰਨ, ਸੋਰਸ ਸੈਗ੍ਰੀਗੇਸ਼ਨ ਅਤੇ ਸਮਾਰਟ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਹੈ। ਨਿਗਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਟੈਕਨੋਲੋਜੀ ਦੀ ਮਦਦ ਨਾਲ ਗੈਰ-ਕਾਨੂੰਨੀ ਡੰਪਿੰਗ ‘ਤੇ ਸਖ਼ਤੀ ਕੀਤੀ ਜਾਵੇਗੀ ਅਤੇ ਦੋਸ਼ੀਆਂ ‘ਤੇ ਜੁਰਮਾਨੇ ਲਗਾਏ ਜਾਣਗੇ।
2026 ਵਿੱਚ ਕੂੜਾ-ਮੁਕਤ ਲੁਧਿਆਣਾ: ਉਮੀਦ ਜਾਂ ਚੁਣੌਤੀ?
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਹ ਸਾਰੇ ਪ੍ਰੋਜੈਕਟ ਸਮੇਂ ਸਿਰ ਪੂਰੇ ਹੋਏ ਅਤੇ ਲੋਕਾਂ ਨੇ ਵੀ ਕੂੜੇ ਦੀ ਛੰਟਾਈ ਤੇ ਸਫ਼ਾਈ ਮੁਹਿੰਮ ਵਿੱਚ ਸਹਿਯੋਗ ਦਿੱਤਾ, ਤਾਂ 2026 ਤੱਕ ਲੁਧਿਆਣਾ ਨੂੰ ਕਾਫ਼ੀ ਹੱਦ ਤੱਕ ਕੂੜਾ-ਮੁਕਤ ਬਣਾਇਆ ਜਾ ਸਕਦਾ ਹੈ। ਹਾਲਾਂਕਿ, ਟੈਂਡਰ ਪ੍ਰਕਿਰਿਆ, ਪ੍ਰਬੰਧਕੀ ਕਮਜ਼ੋਰੀਆਂ ਅਤੇ ਲੋਕੀ ਸਹਿਯੋਗ ਦੀ ਕਮੀ ਵੱਡੀ ਚੁਣੌਤੀ ਬਣ ਸਕਦੀ ਹੈ। ਸਮਾਰਟ ਸਿਟੀ ਮਿਸ਼ਨ ਹੇਠ ਲਾਗੂ ਹੋ ਰਹੇ ਇਹ ਪ੍ਰੋਜੈਕਟ ਲੁਧਿਆਣਾ ਲਈ ਸਿਰਫ਼ ਵਿਕਾਸ ਦੀ ਨਿਸ਼ਾਨੀ ਨਹੀਂ, ਸਗੋਂ ਸਾਫ਼-ਸੁਥਰੇ ਅਤੇ ਸਿਹਤਮੰਦ ਭਵਿੱਖ ਵੱਲ ਇੱਕ ਵੱਡਾ ਕਦਮ ਹਨ। ਹੁਣ ਸਭ ਦੀ ਨਜ਼ਰ 2026 ‘ਤੇ ਹੈ—ਕੀ ਲੁਧਿਆਣਾ ਵਾਕਈ ਕੂੜਾ-ਮੁਕਤ ਸ਼ਹਿਰ ਬਣ ਪਾਏਗਾ ਜਾਂ ਨਹੀਂ।