ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਹ ਚੋਰੀ ਉਸਦੀ ਗੈਰਹਾਜ਼ਰੀ ਵਿੱਚ ਮਨਦੀਪ ਸਿੰਘ ਨੇ ਹੀ ਕੀਤੀ ਹੈ, ਜਿਸਨੂੰ ਉਸਨੇ ਆਪਣੇ ਭਰੋਸੇ ‘ਤੇ ਚਾਬੀਆਂ ਸੌਂਪੀਆਂ ਸਨ। ਇਸ ਮਾਮਲੇ ਵਿੱਚ ਐਨਆਰਆਈ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ।
ਸੁਸ਼ੀਲ ਕੁਮਾਰ ਸ਼ਸ਼ੀ ਪੰਜਾਬੀ ਜਾਗਰਣ ਲੁਧਿਆਣਾ : ਡੇਹਲੋਂ ਦੇ ਚੁਪਕੀ ਵਿੱਚ ਇੱਕ ਐਨਆਰਆਈ ਦੇ ਘਰ ਵਿੱਚ ਵਾਪਰੀ ਚੋਰੀ ਦੀ ਘਟਨਾ ਨੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਇਸ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲਿਸ ਨੇ ਧਾਰਾ 305 ਬੀਐਨਐਸ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਐਨਆਰਆਈ ਨਿਰਭੈਲ ਸਿੰਘ ਨੇ ਦੱਸਿਆ ਕਿ ਉਹ ਅਕਸਰ ਆਪਣੇ ਜੱਦੀ ਪਿੰਡ ਚੁਪਕੀ ਵਿੱਚ ਆਉਂਦਾ ਹੈ। ਸ਼ਿਕਾਇਤ ਕਰਤਾ ਤੇ ਮੁਤਾਬਕ ਪਿੰਡ ਘਨੌਰ ਖੁਰਦ ਸੰਗਰੂਰ ਦਾ ਰਹਿਣ ਵਾਲਾ ਮਨਦੀਪ ਸਿੰਘ ਉਸਦਾ ਪੁਰਾਣਾ ਵਾਕਫ ਹੈ।
ਜਦੋਂ ਵਿਦੇਸ਼ ਤੋਂ ਆਪਣੇ ਪਿੰਡ ਆਉਂਦਾ ਸੀ, ਉਹ ਮਨਦੀਪ ਸਿੰਘ ਨੂੰ ਆਪਣੇ ਕੋਲ ਡਰਾਈਵਰ ਵਜੋਂ ਰੱਖ ਲੈਂਦਾ ਸੀ । ਸਮੇਂ ਦੇ ਨਾਲ ਦੋਸ਼ੀ ਨੇ ਆਪਣੀ ਇਮਾਨਦਾਰੀ ਅਤੇ ਨਿਭਾਅ ਨਾਲ ਸ਼ਿਕਾਇਤ ਕਰਤਾ ਦਾ ਪੂਰਾ ਭਰੋਸਾ ਜਿੱਤ ਲਿਆ।
ਦਸੰਬਰ 2024 ਵਿੱਚ ਜਦੋਂ ਐਨਆਰਆਈ ਮੁੜ ਵਿਦੇਸ਼ ਚਲਾ ਗਿਆ, ਤਾਂ ਉਸਨੇ ਭਰੋਸੇ ਦੇ ਆਧਾਰ ‘ਤੇ ਆਪਣੇ ਘਰ ਅਤੇ ਅਲਮਾਰੀ ਦੀਆਂ ਸਾਰੀਆਂ ਚਾਬੀਆਂ ਮਨਦੀਪ ਸਿੰਘ ਨੂੰ ਸੌਂਪ ਦਿੱਤੀਆਂ। ਪਰ ਇਹੀ ਭਰੋਸਾ ਉਸ ਲਈ ਨੁਕਸਾਨ ਦਾ ਕਾਰਨ ਬਣ ਗਿਆ। ਅਕਤੂਬਰ 2025 ਵਿੱਚ ਜਦੋਂ ਉਹ ਵਾਪਸ ਭਾਰਤ ਆਇਆ ਅਤੇ ਆਪਣੇ ਘਰ ਪਿੰਡ ਚੁਪਕੀ ਪਹੁੰਚਿਆ, ਤਾਂ ਉਸਨੇ ਦੋਸ਼ੀ ਤੋਂ ਘਰ ਦੀਆਂ ਚਾਬੀਆਂ ਵਾਪਸ ਮੰਗੀਆਂ। ਦੋਸ਼ੀ ਮਨਦੀਪ ਸਿੰਘ ਲਗਾਤਾਰ ਟਾਲਮਟੋਲ ਕਰਦਾ ਰਿਹਾ ਅਤੇ ਚਾਬੀਆਂ ਨਹੀਂ ਦਿੱਤੀਆਂ।
ਇਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਆਪਣੇ ਘਰ ਦੀ ਅਲਮਾਰੀ ਲਈ ਨਵੀਆਂ ਚਾਬੀਆਂ ਬਣਵਾਈਆਂ ਅਤੇ ਜਦੋਂ ਅਲਮਾਰੀ ਖੋਲ੍ਹ ਕੇ ਦੇਖੀ ਤਾਂ ਉਸਦੇ ਹੋਸ਼ ਉੱਡ ਗਏ। ਅਲਮਾਰੀ ਵਿੱਚ ਰੱਖੇ ਕੀਮਤੀ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਗਾਇਬ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਹ ਚੋਰੀ ਉਸਦੀ ਗੈਰਹਾਜ਼ਰੀ ਵਿੱਚ ਮਨਦੀਪ ਸਿੰਘ ਨੇ ਹੀ ਕੀਤੀ ਹੈ, ਜਿਸਨੂੰ ਉਸਨੇ ਆਪਣੇ ਭਰੋਸੇ ‘ਤੇ ਚਾਬੀਆਂ ਸੌਂਪੀਆਂ ਸਨ। ਇਸ ਮਾਮਲੇ ਵਿੱਚ ਐਨਆਰਆਈ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ।
ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਈ ਵਾਰ ਸਭ ਤੋਂ ਵੱਡਾ ਧੋਖਾ ਆਪਣੇ ਹੀ ਜਾਣ-ਪਛਾਣ ਵਾਲਿਆਂ ਵੱਲੋਂ ਮਿਲਦਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਗ੍ਰਿਫਤਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ।