ਲੁਧਿਆਣਾ 'ਚ ਨਜਾਇਜ਼ ਕਲੋਨੀਆਂ 'ਤੇ ਗਲਾਡਾ ਦਾ ਵੱਡਾ ਐਕਸ਼ਨ: ਪਿੰਡ ਮਾਨਕਵਾਲ 'ਚ ਬਿਨਾਂ ਮਨਜ਼ੂਰੀ ਕਲੋਨੀਆਂ ਕੱਟਣ 'ਤੇ ਦੋ ਮੁਕੱਦਮੇ ਦਰਜ
ਇਹ ਕਾਰਵਾਈ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਗਿੱਲ ਸਟੇਸ਼ਨ ਨੇੜੇ ਪਿੰਡ ਮਾਨਕਵਾਲ ਦੀ ਕਰੀਬ ਦੋ ਏਕੜ ਜ਼ਮੀਨ ਵਿੱਚ ਬਿਨਾਂ ਅਧਿਕਾਰ ਕਲੋਨੀ ਵਿਕਸਤ ਕੀਤੀ ਗਈ।
Publish Date: Thu, 21 May 2026 01:36 PM (IST)
Updated Date: Thu, 21 May 2026 01:40 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਲੁਧਿਆਣਾ ਵਿੱਚ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਨਜਾਇਜ਼ ਕਲੋਨੀਆਂ ਬਣਾਉਣ ਵਾਲੇ ਕਲੋਨਾਈਜ਼ਰਾਂ ਖ਼ਿਲਾਫ਼ ਗਰੇਟਡ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਗਲਾਡਾ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਥਾਣਾ ਸਦਰ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਮਾਮਲੇ ਪਿੰਡ ਮਾਨਕਵਾਲ ਦੀ ਜ਼ਮੀਨ ਵਿੱਚ ਬਿਨਾਂ ਮਨਜ਼ੂਰੀ ਕਲੋਨੀਆਂ ਕੱਟਣ ਅਤੇ ਪਲਾਟਿੰਗ ਕਰਨ ਨਾਲ ਸੰਬੰਧਤ ਹਨ। ਪੁਲਿਸ ਦਾ ਕਹਿਣਾ ਹੈ ਕਿ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਕੀਤੀ ਗਈ ਕਲੋਨਾਈਜ਼ਿੰਗ ਲੋਕਾਂ ਨਾਲ ਧੋਖਾਧੜੀ ਦੇ ਨਾਲ-ਨਾਲ ਕਾਨੂੰਨੀ ਉਲੰਘਣਾ ਵੀ ਹੈ।
ਪਹਿਲੇ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 420 ਆਈਪੀਸੀ ਅਤੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀਆਂ ਧਾਰਾਵਾਂ 36(1) ਅਤੇ 36(2) ਤਹਿਤ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਗਿੱਲ ਸਟੇਸ਼ਨ ਨੇੜੇ ਪਿੰਡ ਮਾਨਕਵਾਲ ਦੀ ਕਰੀਬ ਦੋ ਏਕੜ ਜ਼ਮੀਨ ਵਿੱਚ ਬਿਨਾਂ ਅਧਿਕਾਰ ਕਲੋਨੀ ਵਿਕਸਤ ਕੀਤੀ ਗਈ।
ਦੂਜੇ ਮਾਮਲੇ ਵਿੱਚ ਵੀ ਗਲਾਡਾ ਦੀ ਰਿਪੋਰਟ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਕਲੋਨਾਈਜ਼ਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਪਿੰਡ ਮਾਨਕਵਾਲ ਦੀ ਜ਼ਮੀਨ ਵਿੱਚ “ਸਿਟੀ ਐਨਕਲੇਵ ਐਕਸਟੈਂਸ਼ਨ” ਨਾਮ ਹੇਠ ਨਜਾਇਜ਼ ਕਲੋਨੀ ਕੱਟੀ ਗਈ ਸੀ। ਇਸ ਮਾਮਲੇ ਵਿੱਚ ਵੀ ਧਾਰਾ 420 ਆਈਪੀਸੀ ਅਤੇ ਪਾਪਰਾ ਐਕਟ ਦੀਆਂ ਧਾਰਾਵਾਂ ਹੇਠ ਕਾਰਵਾਈ ਕੀਤੀ ਗਈ ਹੈ।
ਪੁਲਿਸ ਨੇ ਦੋਵੇਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਜਾਇਜ਼ ਕਲੋਨੀਆਂ ਬਣਾਉਣ ਵਾਲੇ ਲੋਕਾਂ ਦੀ ਪਛਾਣ ਕਰਨ ਲਈ ਰਿਕਾਰਡ ਖੰਗਾਲੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਬਣਾਈਆਂ ਜਾ ਰਹੀਆਂ ਕਲੋਨੀਆਂ ਖ਼ਿਲਾਫ਼ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।