ਨੰਦਪੁਰ ਅਤੇ ਜੰਡਿਆਲੀ ’ਚ ਗਲਾਡਾ ਦੀ ਕਾਰਵਾਈ,ਚਾਰ ਗੈਰਕਾਨੂੰਨੀ ਕਾਲੋਨੀਆਂ ਢਾਹੀਆਂ
ਨੰਦਪੁਰ ਅਤੇ ਜੰਡਿਆਲੀ ’ਚ ਗਲਾਡਾ ਦੀ ਕਾਰਵਾਈ,ਚਾਰ ਗੈਰਕਾਨੂੰਨੀ ਕਾਲੋਨੀਆਂ ਢਾਹੀਆਂ
Publish Date: Fri, 28 Nov 2025 07:03 PM (IST)
Updated Date: Fri, 28 Nov 2025 07:05 PM (IST)

ਨੋਟਿਸ ਜਾਰੀ ਕਰਨ ਬਾਵਜੂਦ ਵੀ ਡਿਵੈਲਪਰ ਗੈਰਕਾਨੂੰਨੀ ਕੰਸਟਰਕਸ਼ਨ ਨਹੀਂ ਰੋਕ ਰਹੇ ਸਨ ਫੋਟੋ ਨੰਬਰ-13 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਵਿੱਚ ਪੈਂਦੀਆਂ ਅਣ ਅਧਿਕਾਰਤ ਕਲੋਨੀਆਂ ਤੇ ਕਾਰਵਾਈ ਕਰਦੇ ਗਲਾਡਾ ਵਿਭਾਗ ਦੀ ਟੀਮ ਨੇ ਨੰਦਪੁਰ ਅਤੇ ਜੰਡਿਆਲੀ ਇਲਾਕੇ ਦੀਆਂ ਚਾਰ ਅਣ ਅਧਿਕਾਰਤ ਕਲੋਨੀਆਂ ਤੋੜੀਆਂ। ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਦੇ ਆਦੇਸ਼ਾਂ ਅਧੀਨ, ਗਲਾਡਾ ਦੀ ਰੈਗੂਲੇਟਰੀ ਵਿੰਗ ਨੇ ਸ਼ੁੱਕਰਵਾਰ ਨੂੰ ਪਿੰਡ ਨੰਦਪੁਰ ਤੇ ਜੰਡਿਆਲੀ ਵਿੱਚ ਚਾਰ ਗੈਰਕਾਨੂੰਨੀ ਕਲੋਨੀਆਂ ਤੇ ਕਾਰਵਾਈ ਕੀਤੀ। ਟੀਮ ਨੇ ਇਨ੍ਹਾਂ ਕਾਲੋਨੀਆਂ ਵਿੱਚ ਬਣੇ ਰਸਤੇ ਅਤੇ ਹੋ ਰਹੀਆਂ ਗੈਰਕਾਨੂੰਨੀ ਉਸਾਰੀਆਂ ਨੂੰ ਢਾਹਿਆ। ਜਾਣਕਾਰੀ ਅਨੁਸਾਰ, ਨੋਟਿਸ ਜਾਰੀ ਕਰਨ ਬਾਵਜੂਦ ਵੀ ਡਿਵੈਲਪਰ ਗੈਰਕਾਨੂੰਨੀ ਕੰਸਟਰਕਸ਼ਨ ਨਹੀਂ ਰੋਕ ਰਹੇ ਸਨ, ਜਿਸ ਤੋਂ ਬਾਅਦ ਗਲਾਡਾ ਦੀ ਖ਼ਾਸ ਟੀਮ ਨੇ ਮੁਹਿੰਮ ਚਲਾ ਕੇ ਇਨ੍ਹਾਂ ਕਾਲੋਨੀਆਂ ਨੂੰ ਢਾਹ ਦਿੱਤਾ। ਕਾਰਵਾਈ ਦੌਰਾਨ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੋਇਆ। ਗਲਾਡਾ ਨੇ ਇਨ੍ਹਾਂ ਗੈਰਮਨਜ਼ੂਰਸ਼ੁਦਾ ਕਾਲੋਨੀਆਂ ਦੇ ਡਿਵੈਲਪਰਾਂ ਵਿਰੁੱਧ ਐੱਫਆਈਆਰ ਦਰਜ ਕਰਨ ਦੀ ਸਿਫ਼ਾਰਸ਼ ਵੀ ਕਰ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਬੇਤਰਤੀਬੇ ਅਤੇ ਗੈਰਕਾਨੂੰਨੀ ਵਿਕਾਸ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾ ਕੇ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਸਸਤੇ ਪਲਾਟਾਂ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਿਆਂ ’ਤੇ ਲਗਾਮ ਲੱਗੇ। ਮੁੱਖ ਪ੍ਰਸ਼ਾਸਕ ਨੇ ਕੀਤੀ ਲੋਕਾਂ ਨੂੰ ਅਪੀਲ- ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰਮਨਜ਼ੂਰਸ਼ੁਦਾ ਕਾਲੋਨੀਆਂ ਵਿੱਚ ਜਾਇਦਾਦ, ਪਲਾਟ ਜਾਂ ਇਮਾਰਤ ਨਾ ਖ਼ਰੀਦਣ, ਕਿਉਂਕਿ ਇਨ੍ਹਾਂ ਨੂੰ ਗਲਾਡਾ ਵੱਲੋਂ ਪਾਣੀ, ਸੀਵਰੇਜ, ਬਿਜਲੀ ਵਰਗੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਜਾਣਗੀਆਂ। ਮਨਜ਼ੂਰਸ਼ੁਦਾ ਅਤੇ ਰੈਗੂਲਰ ਕਾਲੋਨੀਆਂ ਦੀ ਸੂਚੀ ਤੇ ਉਨ੍ਹਾਂ ਦੇ ਮੰਜ਼ੂਰਸ਼ੁਦਾ ਨਕਸ਼ੇ ਗਲਾਡਾ ਦੀ ਅਧਿਕਾਰਿਕ ਵੈਬਸਾਈਟ ’ਤੇ ਉਪਲਬਧ ਹਨ, ਜਿਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ।