ਪੁਲਿਸ ਸਟੋਰ ਰੂਮ ਦੀ ਜਾਂਚ ਕਰ ਰਹੀ ਹੈ। ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਲੜਕੀ ਦੇ ਪਤੀ ਪਵਨਜੀਤ ਸਿੰਘ, ਸ਼ੈਲਿੰਦਰ ਕੁਮਾਰ ਅਤੇ ਸੁਰਿੰਦਰ ਕੌਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹੋਈ ਵਿਆਹੁਤਾ ਨੇ ਸਟੋਰ ਰੂਮ ਦੀ ਗਰਿਲ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਲੜਕੀ ਦੇ ਪੇਕਿਆਂ ਨੇ ਜਿਵੇਂ ਹੀ ਉਸਦੀ ਲਟਕਦੀ ਹੋਈ ਲਾਸ਼ ਦੇਖੀ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਆਰਐਸ ਨਗਰ ਦੇ ਜੇ ਬਲਾਕ ਦੀ ਰਹਿਣ ਵਾਲੀ ਅਮਨਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਏਐਸਆਈ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਲੜਕੀ ਦਾ ਪੋਸਟਮਾਰਟਮ ਕੀਤਾ ਜਾਵੇਗਾ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਜੇ ਬਲਾਕ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੈਟਰੋਲ ਪੰਪ ਤੇ ਨੌਕਰੀ ਕਰਦੇ ਹਨ। ਉਹ ਆਪਣੀ ਬੇਟੀ ਅਮਨਦੀਪ ਕੌਰ ਨੂੰ ਇੱਕ ਵੱਡਾ ਇਨਸਾਨ ਬਣਿਆ ਦੇਖਣਾ ਚਾਹੁੰਦੇ ਸਨ, ਜਿਸ ਦੇ ਚਲਦੇ ਉਹਨਾਂ ਨੇ ਆਪਣੀ ਧੀ ਨੂੰ ਬੀਕੌਮ ਦੀ ਪੜ੍ਹਾਈ ਕਰਵਾਈ। ਸਿੱਖਿਆ ਪੂਰੀ ਕਰਵਾਉਣ ਤੋਂ ਬਾਅਦ ਉਹ ਲੜਕੀ ਦੇ ਲਈ ਇੱਕ ਚੰਗਾ ਰਿਸ਼ਤਾ ਦੇਖ ਰਹੇ ਸਨ। ਇਸੇ ਦੌਰਾਨ ਉਹਨਾਂ ਨੇ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਜਿਸ ਤੋਂ ਬਾਅਦ ਇੱਕ ਅਕਤੂਬਰ 2025 ਨੂੰ ਅਮਨਦੀਪ ਕੌਰ ਦਾ ਵਿਆਹ ਜਲੰਧਰ ਦੇ ਲੱਧੇਵਾਲੀ ਰੋਡ ਦੇ ਪ੍ਰੀਤ ਵਿਹਾਰ ਦੇ ਵਾਸੀ ਪਵਨਜੀਤ ਸਿੰਘ ਨਾਲ ਹੋ ਗਿਆ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਲੜਕੀ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੀਆਂ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ। ਦਾਜ ਦੀ ਮੰਗ ਕਰਦੇ ਹੋਏ ਲੜਕੀ ਦਾ ਸਹੁਰਾ ਪਰਿਵਾਰ ਉਸਨੂੰ ਲਗਾਤਾਰ ਤੰਗ ਕਰ ਰਿਹਾ ਸੀ। ਪਿਛਲੇ ਸੱਤ ਮਹੀਨਿਆਂ ਵਿੱਚ ਉਹ ਲੜਕੀ ਨਾਲ ਲੜਾਈ ਝਗੜਾ ਕਰਦੇ ਅਤੇ ਮਾਨਸਿਕ ਤਸੀਹੇ ਦਿੰਦੇ। ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਅਮਨਦੀਪ ਕੌਰ ਆਪਣੇ ਪਿਤਾ ਦੇ ਘਰ ਆ ਕੇ ਰਹਿ ਰਹੀ ਸੀ। ਬੀਤੇ ਦਿਨ ਪਰਿਵਾਰ ਜਦ ਲੜਕੀ ਨੂੰ ਲੱਭਦਾ ਹੋਇਆ ਸਟੋਰ ਰੂਮ ਵਿੱਚ ਪਹੁੰਚਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੇ ਪੱਗ ਦੇ ਜਰੀਏ ਗਰਿਲ ਨਾਲ ਫਾਹਾ ਲਗਾਇਆ ਹੋਇਆ ਸੀ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਮਨਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਸਟੋਰ ਰੂਮ ਦੀ ਜਾਂਚ ਕਰ ਰਹੀ ਹੈ। ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਲੜਕੀ ਦੇ ਪਤੀ ਪਵਨਜੀਤ ਸਿੰਘ, ਸ਼ੈਲਿੰਦਰ ਕੁਮਾਰ ਅਤੇ ਸੁਰਿੰਦਰ ਕੌਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।