ਇੰਦਰਾ ਕਾਲੋਨੀ ’ਚ ਗੈਸ ਸਿਲੰਡਰ ਫਟਿਆ
ਇੰਦਰਾ ਕਲੋਨੀ ਇਲਾਕੇ ਵਿੱਚ ਗੈਸ ਸਿਲਿੰਡਰ ਫਟਿਆ
Publish Date: Tue, 20 Jan 2026 09:28 PM (IST)
Updated Date: Wed, 21 Jan 2026 04:19 AM (IST)

* ਮਕਾਨ ਦੀ ਟੀਨ ਵਾਲੀ ਛੱਤ ਉੱਡੀ; ਕੰਧ ਡਿੱਗੀ, ਵੱਡਾ ਹਾਦਸਾ ਟਲਿਆ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮੰਗਲਵਾਲ ਨੂੰ ਲੁਧਿਆਣਾ ਦੇ ਇੰਦਰਾ ਕਾਲੋਨੀ ਇਲਾਕੇ ’ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਮਕਾਨ ’ਚ ਗੈਸ ਸਿਲੰਡਰ ਫਟਣ ਨਾਲ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕਾ ਇਨਾਂ ਜ਼ਬਰਦਸਤ ਸੀ ਕਿ ਕਮਰੇ ਦੀ ਟੀਨ ਵਾਲੀ ਛੱਤ ਉੱਡ ਗਈ ਤੇ ਇਕ ਕੰਧ ਪੂਰੀ ਤਰ੍ਹਾਂ ਢਹਿ ਗਈ। ਗਲੀ ਤੰਗ ਹੋਣ ਕਾਰਨ ਧਮਾਕੇ ਦੀ ਗੂੰਜ ਸੁਣ ਕੇ ਲੋਕ ਆਪੋ-ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਕੁਝ ਲੋਕਾਂ ਨੇ ਤਾਂ ਇਸ ਨੂੰ ਬੰਬ ਧਮਾਕਾ ਸਮਝ ਲਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਇਲਾਕੇ ’ਚ ਸੰਘਣਾ ਧੂਆਂ ਫੈਲ ਗਿਆ। ਇਸ ਹਾਦਸੇ ਤੋਂ ਬਾਅਦ ਗੁਆਂਢੀਆਂ ਨੇ ਕੁਝ ਸਾਮਾਨ ਤੁਰੰਤ ਬਾਹਰ ਕੱਢ ਕੇ ਹੋਰ ਨੁਕਸਾਨ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ-2 ਦੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ। ਜਨਕਪੁਰੀ ਇਲਾਕੇ ਦੇ ਚੌਕੀ ਇੰਚਾਰਜ ਸਤਨਾਮ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਮਕਾਨ ਪੁਸ਼ਪਾ ਨਾਮ ਦੀ ਔਰਤ ਦਾ ਹੈ। ਜੋ ਪਿਛਲੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਇਸ ਮਕਾਨ ਵਿੱਚ ਰਹਿ ਰਹੀ। ਪੁਸ਼ਪਾ ਤੇ ਉਸ ਦਾ ਪਤੀ ਨਿੱਜੀ ਕੰਪਨੀ ’ਚ ਕੰਮ ਕਰਦੇ ਹਨ ਅਤੇ ਹਾਦਸੇ ਵੇਲੇ ਉਹ ਘਰ ’ਚ ਮੌਜੂਦ ਨਹੀਂ ਸਨ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਦੁਪਹਿਰ ਵੇਲੇ ਘਰ ’ਚ ਪੁਸ਼ਪਾ ਦੀ 12 ਸਾਲਾ ਧੀ ਖਾਣਾ ਬਣਾ ਰਹੀ ਸੀ। ਖਦਸ਼ਾ ਇਹ ਹੈ ਕਿ ਉਹ ਗੈਸ ਚਲਦੀ ਛੱਡ ਕੇ ਖੇਡਣ ਬਾਹਰ ਚਲੀ ਗਈ, ਜਿਸ ਕਾਰਨ ਅੱਗ ਗੈਸ ਪਾਈਪ ਤੱਕ ਪਹੁੰਚੀ ਤੇ ਸਿਲੰਡਰ ਫਟਣ ਨਾਲ ਧਮਾਕਾ ਹੋ ਗਿਆ। ਜਿਸ ਕਾਰਨ ਘਰ ਦੀ ਟੀਨ ਵਾਲੀ ਛੱਤ ਉੱਡ ਗਈ ਤੇ ਕੰਧ ਡਿੱਗ ਪਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕਾ ਰੇਲਵੇ ਲਾਈਨ ਤੇ ਕਬਾੜ ਦੇ ਗੁਦਾਮਾਂ ਦੇ ਨੇੜੇ ਹੋਣ ਕਾਰਨ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਇੱਥੇ ਚੰਗੀ ਗੱਲ ਇਹ ਹੈ ਕਿ ਕਮਰੇ ’ਚ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਪੁਲਿਸ ਨੇ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਲਾਪਰਵਾਹੀ ਦਾ ਜਾਪਦਾ ਹੈ। ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਣ ਲਈ ਗੈਸ ਏਜੰਸੀਆਂ ਦੀ ਮਦਦ ਨਾਲ ਇਲਾਕੇ ’ਚ ਐੱਲਪੀਜੀ ਸਿਲੰਡਰ ਦੀ ਸੁਰੱਖਿਆ ਵਰਤੋਂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।