ਘਰਾਂ ਦੇ ਗਾਰਡਨ ਦੀਆਂ ਤਾਜ਼ੀਆਂ ਆਰਗੈਨਿਕ ਸਬਜੀਆਂ ਲਾਹੇਵੰਦ
ਘਰਾਂ ਦੇ ਗਾਰਡਨ ਦੀਆਂ ਤਾਜ਼ੀਆਂ ਔਰਗੈਨਿਕ ਸਬਜੀਆਂ ਲਾਹੇਵੰਦ
Publish Date: Tue, 13 Jan 2026 09:46 PM (IST)
Updated Date: Wed, 14 Jan 2026 04:15 AM (IST)

ਕਿਰਨਵੀਰ ਮਾਂਗਟ, ਪੰਜਾਬੀ ਜਾਗਰਣ, ਲੁਧਿਆਣਾ ਅੱਜ ਦੇ ਮਸ਼ੀਨਰੀ ਯੁੱਗ ’ਚ ਹਰ ਵਿਅਕਤੀ ਦੀ ਸਿਹਤ ਤੰਦਰੁਸਤ ਰੱਖਣ ਲਈ ਐਕਸਰਸਾਈਜ਼ ਦੇ ਨਾਲ ਤਾਜ਼ੀਆਂ ਸਬਜ਼ੀਆਂ ਤੇ ਫਲਾਂ ਦਾ ਵੀ ਮੁੱਖ ਰੋਲ ਹੁੰਦਾ ਹੈ। ਆਪਣੇ ਘਰ ਦੇ ਗਾਰਡਨ ’ਚ ਆਰਗੈਨਿਕ ਤੇ ਤਾਜ਼ੀਆਂ ਸਬਜ਼ੀਆਂ ਲਾ ਸਕਦੇ ਹਾਂ। ਸਿਹਤ ਤੰਦਰੁਸਤ ਰੱਖਣ ਲਈ ਬਹੁਤ ਵਾਤਾਵਰਣ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਵਿਅਕਤੀਆਂ ਵੱਲੋਂ ਭੀੜ-ਭੜੱਕੇ ਵਾਲੇ ਸ਼ਹਿਰ ’ਚ ਵੀ ਛੋਟੇ ਛੋਟੇ ਗਾਰਡਨ ਬਣਾ ਕੇ ਸਬਜ਼ੀਆਂ ਲਾਈਆਂ ਹੋਈਆਂ ਹਨ। ਸਰਦੀਆਂ ਦੀ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਗੋਭੀ, ਗਾਜਰ, ਮਟਰ, ਸਰੋਂ, ਛੋਲੇ, ਮੇਥੇ, ਮੂਲੀ, ਪਾਲਕ, ਚਕੰਦਰ, ਸ਼ਲਗਮ, ਖੀਰਾ, ਹਰੀ ਮਿਰਚ, ਟਮਾਟਰ, ਧਨੀਆ, ਪਿਆਜ਼, ਇਹ ਸਾਰੀਆਂ ਸਬਜ਼ੀਆਂ ਸਰਦ ਰੁੱਤ ਦੀਆਂ ਹਨ ਤੇ ਜ਼ਿਆਦਾ ਤੋਂ ਜ਼ਿਆਦਾ ਸਰਦੀ ਬਰਦਾਸ਼ਤ ਕਰ ਸਕਦੀਆਂ ਹਨ। ਇਨ੍ਹਾਂ ਸਬਜ਼ੀਆਂ ਨੂੰ ਦੇਸੀ ਖਾਦ ਤੋਂ ਇਲਾਵਾ ਕਿਸੇ ਵੀ ਹੋਰ ਕੈਮੀਕਲ ਖਾਦ ਦੀ ਜ਼ਰੂਰਤ ਨਹੀਂ ਹੁੰਦੀ। ਆਪਣੇ ਗਾਰਡਨ ਤੇ ਖੇਤਾਂ ’ਚ ਤਾਜ਼ੀਆਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਸਿਮਰਨਜੋਤ ਸਿੰਘ ਨੇ ਦੱਸਿਆ ਕਿ ਸਰਦੀ ’ਚ ਲੱਗਣ ਵਾਲੀਆਂ ਇਨ੍ਹਾਂ ਸਾਰੀਆਂ ਸਬਜ਼ੀਆਂ ਨੂੰ ਕਿਸੇ ਕੈਮੀਕਲ ਖਾਦ ਦੀ ਜ਼ਰੂਰਤ ਨਹੀਂ ਹੁੰਦੀ। ਦੇਸੀ ਖਾਦਾਂ ਵਾਲੀਆਂ ਇਹ ਆਰਗੈਨਿਕ ਸਬਜ਼ੀਆਂ ਸਿਹਤ ਲਈ ਲਾਹੇਵੰਦ ਹਨ। ਕੁਹਾੜਾ ਵਾਸੀ ਮੁਹੰਮਦ ਸ਼ਰੀਫ ਨੇ ਘਰਾਂ ਦੇ ਗਾਰਡਨਾ ’ਚ ਉਗਾਉਣ ਵਾਲੀਆਂ ਸਬਜ਼ੀਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਵੇਂ ਜਨਵਰੀ ਦੇ ਮਹੀਨੇ ’ਚ ਪਿਆਜ਼ ਦੀ ਪਨੀਰੀ ਲਾਈ ਜਾ ਸਕਦੀ ਹੈ ਪਰ ਇਸ ਮਹੀਨੇ ਗਰਮੀ ਦੀਆਂ ਸਾਰੀਆਂ ਸਬਜ਼ੀਆਂ ਵੀ ਉਗਾ ਸਕਦੇ ਹਾਂ। ਉਨਾਂ ਦੱਸਿਆ ਕਿ ਉਹ ਸਬਜ਼ੀਆਂ ਦੀ ਪਨੀਰੀ ਤੇ ਬੀਜ ਤਿਆਰ ਕਰ ਕੇ ਵੇਚਦੇ ਹਨ ਤੇ ਨਾਲ ਹੀ ਉਹ ਸਬਜ਼ੀ ਲਾਉਣ ਵਾਲੇ ਨੂੰ ਉਸ ਦੀ ਵਿਧੀ ਤੇ ਪੂਰੀ ਜਾਣਕਾਰੀ ਵੀ ਦਿੰਦੇ ਹਨ ਤਾਂ ਜੋ ਹਰ ਕਿਸੇ ਦਾ ਸ਼ੌਕ ਹੋਵੇ ਕਿ ਉਹ ਆਪਣੇ ਘਰ ਦੇ ਗਾਰਡਨ ’ਚ ਤਾਜ਼ੀਆਂ ਸਬਜ਼ੀਆਂ ਲਾ ਸਕੇ।