ਬਿਨ੍ਹਾਂ ਲਾਇਸੈਂਸ ਕੈਨੇਡਾ ਵਰਕ ਪਰਮਿਟ ਦਾ ਝਾਂਸਾ, ਇੰਸਟਾਗ੍ਰਾਮ ਰੀਲਾਂ ਰਾਹੀਂ ਠੱਗੀ
ਬਿਨ੍ਹਾਂ ਲਾਇਸੈਂਸ ਕੈਨੇਡਾ ਵਰਕ ਪਰਮਿਟ ਦਾ ਝਾਂਸਾ, ਇੰਸਟਾਗ੍ਰਾਮ ਰੀਲਾਂ ਰਾਹੀਂ ਠੱਗੀ
Publish Date: Wed, 14 Jan 2026 09:12 PM (IST)
Updated Date: Wed, 14 Jan 2026 09:15 PM (IST)

ਸਟਾਰ ਇਮੀਗ੍ਰੇਸ਼ਨ ਦੀ ਮਾਲਕਣ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸੋਸ਼ਲ ਮੀਡੀਆ ’ਤੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦੇ ਦਾਅਵਿਆਂ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਸਟਾਗ੍ਰਾਮ ਰੀਲਾਂ ਦੇ ਜ਼ਰੀਏ ਬਿਨ੍ਹਾਂ ਲਾਇਸੈਂਸ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਦੋਸ਼ਾਂ ਹੇਠ ਸਟਾਰ ਇਮੀਗ੍ਰੇਸ਼ਨ ਦੀ ਮਾਲਕਣ ਹਰਲੀਨ ਕੌਰ ਖ਼ਿਲਾਫ਼ ਐਨਆਰਆਈ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਮਾਮਲਾ ਫੀਲਡ ਗੰਜ ਦੇ ਪ੍ਰੇਮ ਨਗਰ ਇਲਾਕੇ ਦੀ ਰਹਿਣ ਵਾਲੀ ਸਵਾਤੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਹਰਲੀਨ ਕੌਰ ਆਪਣੇ ਇੰਸਟਾਗ੍ਰਾਮ ਪੇਜ ’ਤੇ ਲਗਾਤਾਰ ਅਜਿਹੀਆਂ ਰੀਲਾਂ ਅਪਲੋਡ ਕਰ ਰਹੀ ਸੀ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਸੀ ਕਿ ਕੈਨੇਡਾ ਦਾ ਵਰਕ ਪਰਮਿਟ ਬਿਨ੍ਹਾਂ ਆਈਲੈਟਸ, ਬਿਨ੍ਹਾਂ ਫੰਡ ਸ਼ੋਅ ਅਤੇ ਬਿਨ੍ਹਾਂ ਇਨਕਮ ਟੈਕਸ ਰਿਟਰਨ ਦੇ ਲਗਵਾਇਆ ਜਾ ਸਕਦਾ ਹੈ। ਇੱਥੋਂ ਤੱਕ ਕਿਹਾ ਗਿਆ ਕਿ ਪੈਸੇ ਵੀ ਵੀਜ਼ਾ ਆਉਣ ਤੋਂ ਬਾਅਦ ਹੀ ਲਏ ਜਾਣਗੇ। ਸ਼ਿਕਾਇਤਕਰਤਾ ਮੁਤਾਬਕ ਵੱਖ-ਵੱਖ ਵੀਡੀਓਜ਼ ਵਿੱਚ ਨੌਜਵਾਨਾਂ ਨੂੰ ਦਿਖਾ ਕੇ ਇਹ ਪ੍ਰਚਾਰ ਕੀਤਾ ਗਿਆ ਕਿ ਸਿਰਫ਼ ਪਾਸਪੋਰਟ ਦੇਣ ’ਤੇ 12 ਤੋਂ 15 ਲੱਖ ਰੁਪਏ ਵਿੱਚ ਪੱਕਾ ਵਰਕ ਪਰਮਿਟ ਦਿਵਾਇਆ ਜਾਵੇਗਾ। ਦੋਸ਼ ਹੈ ਕਿ ਇਹ ਸਾਰਾ ਕੰਮ ਬਿਨ੍ਹਾਂ ਕਿਸੇ ਵੈਧ ਸਰਕਾਰੀ ਲਾਇਸੈਂਸ ਦੇ ਕੀਤਾ ਜਾ ਰਿਹਾ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਾ ਤਾਂ ਕੰਪਨੀ ਕੋਲ ਮਿਨਿਸਟਰੀ ਆਫ਼ ਐਕਸਟਰਨਲ ਅਫੇਅਰਜ਼ ਦੀ ਮਾਨਤਾ ਸੀ ਅਤੇ ਨਾ ਹੀ ਕੈਨੇਡਾ ਵਰਕ ਪਰਮਿਟ ਨਾਲ ਸੰਬੰਧਿਤ ਕੋਈ ਅਧਿਕਾਰ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਸੋਸ਼ਲ ਮੀਡੀਆ ਰਾਹੀਂ ਖੁੱਲ੍ਹੇਆਮ ਲੋਕਾਂ ਤੋਂ ਪਾਸਪੋਰਟ ਮੰਗਵਾਏ ਜਾ ਰਹੇ ਸਨ, ਜਿਸ ਨਾਲ ਵੱਡੇ ਪੱਧਰ ’ਤੇ ਧੋਖਾਧੜੀ ਦਾ ਖਦਸ਼ਾ ਬਣਦਾ ਹੈ। ਪ੍ਰਾਥਮਿਕ ਜਾਂਚ ਅਤੇ ਕਾਨੂੰਨੀ ਰਾਏ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੀ ਮਨਜ਼ੂਰੀ ਨਾਲ ਹਰਲੀਨ ਕੌਰ ਖ਼ਿਲਾਫ਼ ਇਮੀਗ੍ਰੇਸ਼ਨ ਐਕਟ 1983 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਐਨਆਰਆਈ ਵਿੰਗ ਲੁਧਿਆਣਾ ਦੇ ਏਐਸਆਈ ਅਮਰੀਕ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇਮੀਗ੍ਰੇਸ਼ਨ ਦੇ ਨਾਂ ’ਤੇ ਠੱਗੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਜਿਹੇ ਝਾਂਸਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ੈ।