ਮੁੱਲਾਂਪੁਰ ’ਚ ਚਾਰ ਰੋਜ਼ਾ ਰੰਗ ਉਤਸਵ ਸੰਪੰਨ
ਮੁੱਲਾਂਪੁਰ ’ਚ ਚਾਰ ਰੋਜ਼ਾ ਰੰਗ ਉਤਸਵ ਸੰਪੰਨ
Publish Date: Mon, 01 Dec 2025 08:07 PM (IST)
Updated Date: Mon, 01 Dec 2025 08:08 PM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ ਮੁੱਲਾਂਪੁਰ ਦਾਖਾ : ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਕਰਵਾਇਆ ਗਿਆ ਚਾਰ ਰੋਜ਼ਾ ‘ਰੰਗ ਉਤਸਵ’ ਤਰ੍ਹਾਂ-ਤਰ੍ਹਾਂ ਦੇ ਰੰਗ ਵਿਖੇਰਦਾ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਅਖੀਰਲੇ ਦਿਨ ਦੇਰ ਸ਼ਾਮ ਸਮਾਗਮ ਦਾ ਰਸਮੀ ਉਦਘਾਟਨ ਡਾ. ਐੱਸਪੀ ਸਿੰਘ ਸਾਬਕਾ ਉਪ ਚਾਂਸਲਰ, ਐੱਸ ਅਸ਼ੋਕ ਭੌਰਾ, ਪ੍ਰਿੰਸੀਪਲ ਡਾ. ਅਵਤਾਰ ਸਿੰਘ, ਡਾ. ਜਗਜੀਤ ਸਿੰਘ, ਪ੍ਰੋਫੈਸਰ ਮਨਜੀਤ ਛਾਬੜਾ, ਨਿਰਮਲ ਧਾਲੀਵਾਲ, ਕ੍ਰਿਸ਼ਨ ਲਾਲ ਧੋਤੀ ਵਾਲਾ, ਸੁਖਵੰਤ ਮੋਹੀ,ਕੰਵਲਜੀਤ ਖੰਨਾ, ਮਾਸਟਰ ਉਜਾਗਰ ਸਿੰਘ, ਤਰਕਸ਼ੀਲ ਆਗੂ ਸੁਰਜੀਤ ਦੋਧਰ, ਹਰਕੇਸ਼ ਚੌਧਰੀ ਪ੍ਰਧਾਨ ਲੋਕ ਕਲਾ ਮੰਚ ਨੇ ਸੰਯੁਕਤ ਰੂਪ ਵਿੱਚ ਮੋਮਬੱਤੀਆਂ ਬਾਲਕੇ ਕੀਤਾ। ਉਪਰੰਤ ਲੋਕ ਕਵੀਸ਼ਰੀ ਜੱਥਾ ਰਸੂਲਪੁਰ ਨੇ ਆਪਣੀਆਂ ਇੰਨਕਲਾਬੀ ਕਵੀਸ਼ਰੀਆਂ ਨਾਲ ਬਾਹਵਾ ਰੰਗ ਬੰਨ੍ਹਿਆ। ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਜਾਨਵੀਂ ਸ਼ਰਮਾ ਨੇ ਆਪਣੇ ਅੰਦਾਜ਼ ਵਿੱਚ ਗੀਤ ਪੇਸ਼ ਕੀਤੇ। ਇਸ ਮੌਕੇ ਐੱਸ.ਅਸੋ਼ਕ ਭੌਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਮੇਲੇ ਲਗਵਾਉਣੇ ਕੋਈ ਛੋਟਾ ਅਤੇ ਸੌਖਾ ਕਾਰਜ ਨਹੀਂ ਹੁੰਦਾ। ਉਨ੍ਹਾਂ ਇਸ ਰੰਗ ਉਤਸਵ ਦੀ ਸਿਫਤ ਕਰਦਿਆਂ ਕਿਹਾ ਲੋਕ ਕਲਾ ਮੰਚ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਕੰਵਲਜੀਤ ਖੰਨਾ ਨੇ ਅੱਜ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਭਰਾਤਰੀ ਸੰਦੇਸ਼ ਦਿੱਤਾ। ਇਸ ਉਪਰੰਤ ਨਾਟਕ ਬੇੜੀਆਂ ਲੱਗੇ ਸੁਪਨੇ ਪੇਸ਼ ਕੀਤਾ ਗਿਆ। ਹਰਕੇਸ਼ ਚੌਧਰੀ ਦਾ ਲਿਖਿਆ ਅਤੇ ਨਿਰਦੇਸ਼ਿਤ ਨਾਟਕ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਨਾਟਕ ਨੇ ਪ੍ਰਵਾਸ ਦੇ ਮੁੱਦੇ ਨੂੰ ਪੇਸ਼ ਕਰਦਿਆਂ ਕਈ ਸੰਵੇਦਨਸ਼ੀਲ ਕਹਾਣੀਆਂ ਪੇਸ਼ ਕੀਤੀਆਂ। ਭੋਲੇ-ਭਾਲੇ ਲੋਕਾਂ ਦੀ ਚਲਾਕ ਏਜੰਟਾਂ ਦੁਆਰਾ ਕੀਤੀ ਜਾਂਦੀ ਲੁੱਟ ਅਤੇ ਮਾਲਟਾ ਕਾਂਡ ਵਿੱਚ ਸਮੁੰਦਰ ਦੀਆਂ ਛੱਲਾਂ ਵਿੱਚ ਖ਼ਤਮ ਹੋ ਗਈ ਜਵਾਨੀ ਦੇ ਬਿਰਤਾਂਤ ਨੂੰ ਪੇਸ਼ ਕੀਤਾ ਗਿਆ। ਡਾ. ਐੱਸਪੀ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਨੂੰ ਕਾਮਯਾਬ ਨਾਟਕ ਦੀ ਮੁਬਾਰਕਬਾਦ ਦਿੰਦੇ ਹਨ। ਨਾਟਕ ਨੇ ਪ੍ਰਵਾਸ ਦੀਆਂ ਬਾਰੀਕੀਆਂ ਨੂੰ ਸੁਚੱਜੇ ਢੰਗ ਨਾਲ ਪਕੜਨ ਦਾ ਸਫ਼ਲ ਯਤਨ ਕੀਤਾ ਹੈ। ਨਾਟਕ ਵਿੱਚ ਕਮਲਜੀਤ ਮੋਹੀ, ਦੀਪਕ ਰਾਏ, ਰਣਵੀਰ ਸਿੰਘ, ਪ੍ਰਦੀਪ ਕੌਰ, ਨੈਨਾ ਸ਼ਰਮਾ, ਭਾਗ ਸਿੰਘ, ਲਖਵੀਰ ਸਿੰਘ, ਕਿਰਨਦੀਪ ਕੌਰ ਅਤੇ ਹਰਕੇਸ਼ ਚੌਧਰੀ ਨੇ ਆਪੋ ਆਪਣੇ ਕਿਰਦਾਰ ਬਾਖੂਬੀ ਨਿਭਾਏ ।ਇਸ ਮੌਕੇ ਦਵਿੰਦਰ ਲੰਮੇ, ਰਾਜ ਜੋਸ਼ੀ, ਸਤਨਾਮ ਬੜੈਚ, ਮਲਕੀਅਤ ਸਿੰਘ ਅਤੇ ਉਪਦੇਸ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸ਼ੇਰ ਜੰਗ ਜਾਂਗਲੀ ਦੀ ਪੁਸਤਕ ਝੁਰ ਝੁਰ ਵਿਜੇ ਮੋਗਾ ਦੀ ਅਗਵਾਈ ਵਿੱਚ ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਲੈਕਚਰਾਰ ਇਕਬਾਲ ਸਿੰਘ, ਪ੍ਰਗਟ ਸਿੰਘ, ਮਾ. ਗੁਰਜੀਤ ਸਿੰਘ, ਅੰਜੂ ਚੌਧਰੀ, ਨੀਰਜਾ ਬਾਂਸਲ, ਮਾਸਟਰ ਜਗਦੀਪ ਸਿੰਘ, ਮਾਸਟਰ ਧਰਮਿੰਦਰ ਸਿੰਘ ਜਾਂਗਪੁਰ , ਰਣਜੀਤ ਸਿੰਘ ਸੰਗੋਵਾਲ, ਤਰਸੇਮ ਸਿੰਘ ਜ਼ੀਰਾ ਅਤੇ ਡਾ. ਪਵਿਤਰ ਸਿੰਘ ਅਮਰਗੜ੍ਹ ਆਦਿ ਹਾਜ਼ਰ ਸਨ।