ਵਿਦੇਸ਼ ਜਾਣ ਦੇ ਪੰਜ ਚਾਹਵਾਨਾਂ ਨਾਲ ਮਾਰੀ ਲੱਖਾਂ ਦੀ ਠੱਗੀ
ਵਿਦੇਸ਼ ਜਾਣ ਦੇ ਪੰਜ ਚਾਹਵਾਨਾਂ ਨਾਲ ਮਾਰੀ ਲੱਖਾਂ ਦੀ ਠੱਗੀ
Publish Date: Fri, 09 Jan 2026 10:47 PM (IST)
Updated Date: Fri, 09 Jan 2026 10:48 PM (IST)

ਨਾ ਤਾਂ ਲਗਵਾਇਆ ਵੀਜ਼ਾ ਨਾ ਹੀ ਵਾਪਸ ਕਰ ਰਿਹਾ ਹੈ ਪੈਸਾ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਆਜ਼ਾਦ ਨਗਰ ਸਰਹੰਦ ਰੋਡ ਪਟਿਆਲਾ ਦੇ ਰਹਿਣ ਵਾਲੇ ਵਿਅਕਤੀ ਅਤੇ ਉਸ ਦੇ ਚਾਰ ਹੋਰ ਜਾਣਕਾਰਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਵੱਲੋਂ ਦੋ ਟਰੈਵਲ ਏਜੰਟਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਸਾਹਿਲ ਸਿੰਘ ਦੇ ਬਿਆਨ ਉੱਪਰ ਗੁਰਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਵਾਸੀ ਜੀਟੀਬੀ ਨਗਰ ਵੀਰ ਪੈਲਸ ਚੰਡੀਗੜ੍ਹ ਰੋਡ ਲੁਧਿਆਣਾ ਦੇ ਖਿਲਾਫ ਦਰਜ ਕੀਤਾ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸਾਹਿਲ ਸਿੰਘ ਨੇ ਦੱਸਿਆ ਕਿ ਮੋਗੇ ਤੋਂ ਸਥਾਨਕ ਵੀਰ ਪੈਲਸ ਚੰਡੀਗੜ੍ਹ ਰੋਡ ਵਿਖੇ ਅਰਬਨ ਖਾਲਸਾ ਇਮੀਗਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਦੇ ਨਾਮ ਤੇ ਦਫਤਰ ਚਲਾਉਣ ਵਾਲੇ ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਉਸ ਦਾ ਮਤਲਬ ਕੁਝ ਸਮਾਂ ਪਹਿਲਾਂ ਸੰਪਰਕ ਹੋਇਆ ਸੀ। ਉਸ ਵੇਲੇ ਮੁੱਦਈ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਦਾ ਵਿਦੇਸ਼ ਭੇਜਣ ਦਾ ਸਾਰਾ ਪ੍ਰਬੰਧ ਕਰਵਾ ਕੇ ਵੀਜ਼ਾ ਲਗਵਾ ਦੇਣਗੇ। ਮੁਲਜ਼ਮਾਂ ਨੇ ਮੁਦਈ ਨੂੰ ਝਾਂਸੇ ਵਿੱਚ ਲਿਆ ਤਾਂ ਮੁੱਦਈ ਆਪਣੇ ਚਾਰ ਹੋਰ ਸਾਥੀਆਂ ਨੂੰ ਵੀ ਲੈ ਕੇ ਉਨ੍ਹਾਂ ਦੇ ਦਫਤਰ ਵੀਜ਼ਾ ਲਗਵਾਣ ਲਈ ਆ ਗਿਆ। ਸ਼ਿਕਾਇਤ ਕਰਤਾ ਮੁਤਾਬਕ ਮੁਲਜ਼ਮਾਂ ਨੇ ਪੰਜਾਂ ਕੋਲੋਂ ਕਰੀਬ 14 ਲੱਖ 30 ਹਜ਼ਾਰ ਰੁਪਏ ਵਸੂਲ ਲਏ ਅਤੇ ਪੰਜਾਂ ਨੂੰ ਵੀਜ਼ਾ ਲਗਵਾਉਣ ਦਾ ਭਰੋਸਾ ਦਿਵਾਇਆ। ਉਕਤ ਪੈਸਾ ਵਸੂਲਣ ਦੇ ਬਾਵਜੂਦ ਦਿੱਤੀ ਮਿਆਦ ਬੀਤਣ ਮਗਰੋਂ ਮੁਲਜ਼ਮਾਂ ਨੇ ਵੀਜ਼ਾ ਨਾ ਲਗਵਾਇਆ ਤਾਂ ਮੁਦਈ ਉਸ ਕੋਲੋਂ ਆਪਣੀ ਦਿੱਤੀ ਹੋਈ ਰਕਮ ਵਾਪਸ ਮੰਗਣ ਲੱਗ ਗਏ। ਵਾਰ ਵਾਰ ਦਫਤਰਾਂ ਦੇ ਚੱਕਰ ਕੱਢਣ ਦੇ ਬਾਵਜੂਦ ਮੁਲਜ਼ਮਾਂ ਨੇ ਉਨ੍ਹਾਂ ਦੀ ਦਿੱਤੀ ਹੋਈ ਰਕਮ ਵਾਪਸ ਨਾ ਕੀਤੀ ਤਾਂ ਉਨ੍ਹਾਂ ਉਕਤ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਸਾਹਿਬ ਸਿੰਘ ਮੁਤਾਬਕ ਦੋਨਾਂ ਮੁਲਜ਼ਮਾਂ ਖਿਲਾਫ ਇਮੀਗ੍ਰੇਸ਼ਨ ਐਕਟ ਸਣੇ ਹੋਰ ਸੰਗੀਨ ਦੋਸਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।