ਜਿਮ ਤੋਂ ਵਾਪਸ ਆ ਰਹੇ 5 ਦੋਸਤਾਂ ਦੀ ਥਾਰ ਡਿਵਾਈਡਰ ਨਾਲ ਟਕਰਾਈ, ਕਾਲਜ ਵਿਦਿਆਰਥੀ ਦੀ ਮੌਕੇ ‘ਤੇ ਮੌਤ
ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਜ਼ਖ਼ਮੀ ਨੌਜਵਾਨ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ, ਜਦਕਿ ਦੂਜੇ ਦੀ ਬਾਂਹ ਜ਼ਖ਼ਮੀ ਹੋਈ ਹੈ। ਬਾਕੀ ਦੋ ਨੌਜਵਾਨਾਂ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ।
Publish Date: Thu, 21 May 2026 03:19 PM (IST)
Updated Date: Thu, 21 May 2026 03:21 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਨੇ ਖੁਸ਼ੀ ਭਰੇ ਮਾਹੌਲ ਨੂੰ ਗਮ ਵਿੱਚ ਬਦਲ ਦਿੱਤਾ। ਬੀਆਰਐਸ ਨਗਰ ਜੋਨ-ਡੀ ਕੱਟ ਨੇੜੇ ਤੇਜ਼ ਰਫ਼ਤਾਰ ਥਾਰ ਗੱਡੀ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਹਾਦਸੇ ਦੌਰਾਨ ਗੱਡੀ ਚਲਾ ਰਹੇ ਨੌਜਵਾਨ ਆਰਯਨ ਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਨਾਲ ਸਵਾਰ ਹੋਰ ਦੋਸਤ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਪੰਜੇ ਦੋਸਤ ਰੋਜ਼ਾਨਾ ਵਾਂਗ ਸਵੇਰੇ ਜਿਮ ਲਈ ਨਿਕਲੇ। ਜਿਮ ਖਤਮ ਕਰਨ ਤੋਂ ਬਾਅਦ ਉਹ ਅੰਡੇ ਖਾਣ ਲਈ ਦੁਕਾਨ ‘ਤੇ ਰੁਕੇ। ਨਾਸ਼ਤਾ ਕਰਨ ਉਪਰੰਤ ਉਹ ਕਾਰ ਤੇ ਸਵਾਰ ਹੋ ਕੇ ਪੰਜੇ ਜਿਵੇਂ ਹੀ ਬੀਆਰਐਸ ਨਗਰ ਜੋਨ-ਡੀ ਕੱਟ ਤੇ ਪਹੁੰਚੇ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ। ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਭਿਆਨਕ ਹਾਦਸਾ ਵਾਪਰ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਰਾਹਗੀਰਾਂ ਅਤੇ ਪੁਲਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਜ਼ਖ਼ਮੀ ਨੌਜਵਾਨ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ, ਜਦਕਿ ਦੂਜੇ ਦੀ ਬਾਂਹ ਜ਼ਖ਼ਮੀ ਹੋਈ ਹੈ। ਬਾਕੀ ਦੋ ਨੌਜਵਾਨਾਂ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿੱਚ ਹਨ ਅਤੇ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਨ।