ਫਿਰੋਜ਼ਪੁਰ ਰੋਡ ’ਤੇ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ’ਤੇ ਸਾਈਬਰ ਸੈੱਲ ਦੀ ਵੱਡੀ ਕਾਰਵਾਈ, ਦਰਜਨਾਂ ਨੌਜਵਾਨ ਹਿਰਾਸਤ 'ਚ ਲਏ
ਪੁਲਿਸ ਵੱਲੋਂ ਹੁਣ ਇਨ੍ਹਾਂ ਕਾਲ ਸੈਂਟਰਾਂ ਦੇ ਅਸਲ ਮਾਲਕਾਂ ਅਤੇ ਪੂਰੇ ਨੈੱਟਵਰਕ ਨੂੰ ਚਲਾਉਣ ਵਾਲੇ ਮੁੱਖ ਸਰਗਨਿਆਂ ਦੀ ਪਛਾਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਜਲਦ ਕੀਤੇ ਜਾ ਸਕਦੇ ਹਨ।
Publish Date: Thu, 14 May 2026 02:19 PM (IST)
Updated Date: Thu, 14 May 2026 02:24 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਵਿੱਚ ਸਾਈਬਰ ਅਪਰਾਧਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੁਲਿਸ ਦੀਆਂ ਟੀਮਾਂ ਨੇ ਫਿਰੋਜ਼ਪੁਰ ਰੋਡ ਇਲਾਕੇ ਵਿੱਚ ਚੱਲ ਰਹੇ ਦੋ ਗੈਰਕਾਨੂੰਨੀ ਕਾਲ ਸੈਂਟਰਾਂ ’ਤੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਦਰਜਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਦਕਿ ਮੌਕੇ ਤੋਂ ਨਕਦੀ, ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਪੁਲਿਸ ਸੂਤਰਾਂ ਅਨੁਸਾਰ ਬੀਤੀ ਦੇਰ ਰਾਤ ਸਾਈਬਰ ਸੈੱਲ ਦੀਆਂ ਟੀਮਾਂ ਨੇ ਇਕੋ ਸਮੇਂ ਦੋ ਥਾਵਾਂ ’ਤੇ ਦਬਿਸ਼ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਕਾਲ ਸੈਂਟਰ ਫਿਰੋਜ਼ਪੁਰ ਰੋਡ ’ਤੇ ਸੰਧੂ ਟਾਵਰ ਅਤੇ ਸਿਲਵਰ ਆਰਕ ਮਾਲ ਨੇੜੇ ਇਕ ਹੋਰ ਇਮਾਰਤ ਵਿੱਚ ਚੱਲ ਰਹੇ ਸਨ। ਛਾਪੇਮਾਰੀ ਦੌਰਾਨ ਕਈ ਕੰਪਿਊਟਰ ਸਿਸਟਮ, ਹਾਈ-ਟੈਕ ਲੈਪਟਾਪ, ਮੋਬਾਈਲ ਫੋਨ ਅਤੇ ਹੋਰ ਡਿਜ਼ੀਟਲ ਉਪਕਰਣ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦਾ ਇਸਤੇਮਾਲ ਔਨਲਾਈਨ ਠੱਗੀ ਲਈ ਕੀਤਾ ਜਾਂਦਾ ਸੀ।
ਜਾਂਚ ਏਜੰਸੀਆਂ ਦੇ ਮੁਤਾਬਕ ਗਿਰੋਹ ਦੇ ਮੈਂਬਰ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਨਾਲ ਵੀ ਸਬੰਧਿਤ ਹਨ। ਮੁੱਢਲੀ ਤਫ਼ਤੀਸ਼ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਫੋਨ ਕਰਕੇ ਡਰਾ-ਧਮਕਾ ਕੇ ਜਾਂ ਝਾਂਸੇ ਵਿੱਚ ਲੈ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ ਰਕਮ ਹੜਪਦੇ ਸਨ।
ਪੁਲਿਸ ਵੱਲੋਂ ਹੁਣ ਇਨ੍ਹਾਂ ਕਾਲ ਸੈਂਟਰਾਂ ਦੇ ਅਸਲ ਮਾਲਕਾਂ ਅਤੇ ਪੂਰੇ ਨੈੱਟਵਰਕ ਨੂੰ ਚਲਾਉਣ ਵਾਲੇ ਮੁੱਖ ਸਰਗਨਿਆਂ ਦੀ ਪਛਾਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਜਲਦ ਕੀਤੇ ਜਾ ਸਕਦੇ ਹਨ।