ਕਿਸਾਨਾਂ-ਮਜ਼ਦੂਰਾਂ ਨੇ ਲਾਢੋਵਾਲ ਟੋਲ ਪਲਾਜ਼ਾ 4 ਘੰਟੇ ਵਾਹਨਾਂ ਲਈ ਕੀਤਾ ਮੁਕਤ
ਕਿਸਾਨਾਂ ਅਤੇ ਮਜ਼ਦੂਰਾਂ ਨੇ ਲਾਢੋਵਾਲ ਟੋਲ ਪਲਾਜ਼ਾ 4 ਘੰਟੇ ਵਾਹਨਾਂ ਲਈ ਕੀਤਾ ਮੁਕਤ
Publish Date: Tue, 27 Jan 2026 08:14 PM (IST)
Updated Date: Wed, 28 Jan 2026 04:13 AM (IST)

-ਅਧਿਕਾਰੀਆਂ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈਕੇ ਦਿੱਤੇ ਗਏ ਸੱਦੇ ਤਹਿਤ ਲਾਢੋਵਾਲ ਸਥਿਤ ਪੰਜਾਬ ਦਾ ਸਭ ਤੋਂ ਵੱਧ ਮਹਿੰਗਾ ਟੋਲ ਪਲਾਜ਼ਾ ਅੱਗੇ ਗਣਤੰਤਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਰ ਇਸ ਦੌਰਾਨ ਹੀ ਚਾਰ ਘੰਟੇ ਤੱਕ ਆਉਣ-ਜਾਣ ਵਾਲੇ ਵਾਹਨਾਂ ਲਈ ਮੁਕਤ ਕੀਤਾ ਗਿਆ। ਅੱਜ ਸਵੇਰੇ ਲਗਭਗ 10 ਵਜੇ ਤੋਂ ਟੋਲ ਪਲਾਜ਼ਾ ਕੋਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਦੋਆਬਾ ਤੇ ਸਿਆਸੀ ਪਾਰਟੀਆਂ ਦੇ ਆਗੂ ਅਤੇ ਕਾਰਕੁਨ ਇਕੱਠੇ ਹੋਏ ਤੇ ਫਿਰ 11 ਵਜੇ ਤੋਂ ਟੋਲ ਪਲਾਜ਼ਾ ਰਾਹੀਂ ਵਾਹਨਾਂ ਨੂੰ ਦੋਵੇਂ ਪਾਸਿਓਂ ਮੁਫਤ ਲੰਘਾਉਣਾ ਸ਼ੁਰੂ ਕਰ ਦਿੱਤਾ, ਜੋ ਲਗਭਗ ਸ਼ਾਮੀਂ 3 ਵਜੇ ਤੱਕ ਨਿਰੰਤਰ ਜਾਰੀ ਰਿਹਾ,ਜਿਸ ਦਾ ਦਿੱਲੀ-ਲੁਧਿਆਣਾ-ਜਲੰਧਰ ਕੌਮੀ ਮਾਰਗ ‘ਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ/ਮਾਲਕਾਂ ਨੇ ਫਾਇਦਾ ਉਠਾਇਆ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਯੂਥ ਕਾਂਗਰਸ ਪੰਜਾਬ ਦੇ ਕੋਆਰਡੀਨੇਟਰ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਤੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਸਸਰਾਲੀ ਕਾਲੋਨੀ ਦੇ ਬੰਨ੍ਹ ਦਾ ਨਿਰਮਾਣ ਨਾ ਕਰਵਾਉਣ ਤੇ ਰਾਹੋਂ ਰੋਡ ਦਾ ਨਿਰਮਾਣ ਸ਼ੁਰੂ ਨਾ ਕਰਨਾ ਲੋਕਾਂ ਦੀ ਜਾਨ-ਮਾਲ ਨਾਲ ਖੇਡਣ ਬਰਾਬਰ ਹੈ।ਆਗੂਆਂ ਨੇ ਅੱਗੇ ਕਿਹਾ ਕਿ 6 ਮਹੀਨੇ ਪਹਿਲਾਂ ਭਾਰੀ ਬਾਰਿਸ਼ਾਂ ਤੇ ਹੜ੍ਹ ਆਉਣ ਕਾਰਨ ਸਤਲੁਜ ਦੇ ਕੰਢੇ ਵਸੇ ਪਿੰਡ ਸਸਰਾਲੀ ਕਾਲੋਨੀ ਦਾ ਧੁੱਸੀ ਬੰਨ੍ਹ ਟੁੱਟ ਗਿਆ ਸੀ, ਜਿਸ ਦੀ ਹੁਣ ਤੱਕ ਉਸਾਰੀ ਮੁਕੰਮਲ ਨਹੀਂ ਕੀਤੀ ਗਈ, ਪੰਜਾਬ ਸਰਕਾਰ ਆਪਣੀਆਂ ਅੱਖਾਂ ਬੰਦ ਕਰ ਕੇ ਘੂਕ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਜੂਨ-ਜੁਲਾਈ ਬਾਰਿਸ਼ ਦਾ ਸਮਾਂ ਹੁੰਦਾ ਹੈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਨ ਲਈ ਨਹਿਰੀ ਵਿਭਾਗ ਪੰਜਾਬ ਦੇ ਐਕਸੀਅਨ ਇੰਜੀਨੀਅਰ ਮਨਜੀਤ ਸਿੰਘ ਪਹੁੰਚੇ ਅਤੇ ਉਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਇੱਕ ਹਫ਼ਤੇ ਤੱਕ ਧੁੱਸੀ ਬੰਨ੍ਹ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।ਇੰਜੀਨੀਅਰ ਮਨਜੀਤ ਸਿੰਘ ਵੱਲੋਂ ਦਿੱਤੇ ਗਏ ਭਰੋਸੇ ਮਗਰੋਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਰੋਸ ਧਰਨਾ ਖ਼ਤਮ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਭਵਿੱਖ ਵਿੱਚ ਟੋਲ ਪਲਾਜ਼ਾ ਉਪਰ ਪੱਕੇ ਤੌਰ ਤੇ ਧਰਨਾ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਲਈ ਟੋਲ ਟੈਕਸ ਮੁਕਤ ਕਰਨਗੇ। ਇਸ ਮੌਕੇ ਸਥਿਤੀ ਉਪਰ ਕਾਬੂ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ, ਤਾਂ ਜੋ ਸੰਭਾਵੀ ਮੰਦਭਾਗੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।