ਟੈਂਡਰਾਂ ਦੇ 1 ਸਾਲ ਬਾਅਦ ਵੀ ਕੂੜੇ ਦੇ ਪਹਾੜ ਜਿਉਂ ਦੇ ਤਿਉਂ
ਟੈਂਡਰਾਂ ਦੇ 1 ਸਾਲ ਬਾਅਦ ਵੀ ਲੁਧਿਆਣਾ ‘ਚ ਕੂੜੇ ਦੇ ਪਹਾੜ ਜਿਉਂ ਦੇ ਤਿਉਂ
Publish Date: Tue, 09 Dec 2025 10:56 PM (IST)
Updated Date: Wed, 10 Dec 2025 04:13 AM (IST)

ਲੁਧਿਆਣਾ ਦਾ ਸਾਲਿਡ ਵੇਸਟ ਟ੍ਰੀਟਮੈਂਟ ਪਲਾਂਟ ਨਗਰ ਨਿਗਮ ਲਈ ਬਣਿਆ ਚਿੱਟਾ ਹਾਥੀ ਪੁਰਾਣੇ ਟੈਂਡਰ ’ਚੋਂ .40 ਲੱਖ ਮੀਟ੍ਰਿਕ ਟਨ ਦਾ ਨਹੀਂ ਕੀਤਾ ਨਿਪਟਾਰਾ, ਦਬਾਰਾ ਮਿਲਿਆ 4 ਗੁਣਾ ਕੰਮ ਸਤਵਿੰਦਰ ਸ਼ਰਮਾ/ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀਆਂ 10 ਵੱਡੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਦਿਖਾਈ ਦੇ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਕਈ ਤਰ੍ਹਾਂ ਦੇ ਯਤਨਾਂ ਤੋਂ ਬਾਅਦ ਵੀ ਨਗਰ ਨਿਗਮ ਲੁਧਿਆਣਾ ਇਨ੍ਹਾਂ ਦੋਨੋਂ ਸਮੱਸਿਆਵਾਂ ਤੋਂ ਨਿਜਾਤ ਨਹੀਂ ਪਾ ਰਿਹਾ। ਲੁਧਿਆਣਾ ’ਚੋਂ ਨਿਕਲਦੇ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਉਪਰਾਲੇ ਤਾਂ ਨਾ ਕਾਫੀ ਸਾਬਤ ਹੋ ਰਹੇ ਹਨ ਪਰ ਇਸ ਦੇ ਨਾਲ ਹੀ ਨਗਰ ਨਿਗਮ ਲੁਧਿਆਣਾ ਸ਼ਹਿਰ ਦੇ ਲੱਖਾਂ ਟੱਨ ਪੁਰਾਣੇ ਤੇ ਰੋਜ਼ਾਨਾਂ ਨਿਕਲਦੇ 1100 ਟਨ ਤੋਂ ਵੱਧ ਨਵੇਂ ਕੂੜੇ ਦਾ ਨਿਪਟਾਰਾ ਵੀ ਨਹੀਂ ਕਰਵਾ ਪਾ ਰਿਹਾ। ਦੱਸਣਾ ਬਣਦਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਸੂਬੇ ਸਮੇਤ ਲੁਧਿਆਣਾ ਦੇ ਠੋਸ ਤੇ ਤਰਲ ਰਹਿੰਦ-ਖੂੰਹਦ (ਕੂੜੇ) ਦਾ ਪ੍ਰਬੰਧਨ ਕਰਨ ’ਚ ਅਸਫਲ ਰਹਿਣ ’ਤੇ ਪੰਜਾਬ ਸਰਕਾਰ ਨੂੰ 1 ਹਜ਼ਾਰ ਕਰੋੜ ਦਾ ਜੁਰਮਾਨਾ ਲਾਇਆ ਗਿਆ ਸੀ। ਬਾਵਜੂਦ ਇਸ ਦੇ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀ ਜੰਗਲਾਂ, ਹੋਰ ਕੁਦਰਤੀ ਸਰੋਤਾਂ ਦੀ ਸੰਭਾਲ, ਕੂੜੇ ਦੇ ਨਿਪਟਾਰੇ ਤੇ ਵਾਤਾਵਰਣ ਨਾਲ ਸਬੰਧਤ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਨੂੰ ਟਿੱਚ ਜਾਣਦੇ ਦਿਖਾਈ ਦੇ ਰਹੇ। ਸ਼ਹਿਰ ਦੇ ਪੁਰਾਣੇ ਤੇ ਰੋਜ਼ਾਨਾਂ ਨਿਕਲਦੇ ਕੂੜੇ ਦੇ ਹਾਲਾਤਾਂ ਨੂੰ ਦੇਖਣ ਲਈ ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਤਾਜਪੁਰ ਰੋਡ ’ਤੇ ਕੇਂਦਰੀ ਜੇਲ ਦੇ ਸਾਹਮਣੇ ਬਣਾਏ ਗਏ ਮੁੱਖ ਕੂੜਾ ਡੰਪ ਦੇ ਹਲਾਤ ਦੇਖੇ ਗਏ। ਮੌਕੇ ਤੋਂ ਕੀਤੀ ਗਈ ਕਵਰੇਜ ਦੌਰਾਨ ਟੀਮ ਨੇ ਪਾਇਆ ਕਿ ਤਾਜਪੁਰ ਰੋਡ ਸਥਿਤ ਨਗਰ ਨਿਗਮ ਦੇ ਮੁੱਖ ਕੂੜਾ ਡੰਪ ’ਤੇ ਪੁਰਾਣੇ ਕੂੜੇ ਨੂੰ ਟ੍ਰੀਟ ਕਰਨ ਲਈ ਸਾਗਰ ਮੋਟਰ ਵੱਲੋਂ ਲਾਏ ਗਏ ਬਾਇਓ ਰੈਮੀਡੇਸ਼ਨ ਪ੍ਰੋਜੈਕਟ ਸਾਲਿਡ ਵੇਸਟ ਟਰੀਟਮੈਂਟ ਪਲਾਂਟ ਟੈਂਡਰ ਮਿਲਣ ਦੇ 1 ਸਾਲ ਬਾਅਦ ਤੱਕ ਚਲਾਏ ਹੀ ਨਹੀਂ ਗਏ ਹਨ। ਭਾਵ ਕਿ ਲੁਧਿਆਣਾ ਨੂੰ ਸ਼ਰਮਸਾਰ ਕਰਦੇ ਪੁਰਾਣੇ ਕੂੜੇ ਦੇ ਬਣੇ ਪਹਾੜਾਂ ’ਚੋਂ ਟੈਂਡਰ ਮਿਲਣ ਤੋਂ ਬਾਅਦ ਠੇਕੇਦਾਰ ਕੰਪਨੀ ਵੱਲੋਂ ਇਕ ਕਿੱਲੋ ਕੂੜੇ ਨੂੰ ਵੀ ਅੱਜ ਤੱਕ ਟ੍ਰੀਟ ਨਹੀਂ ਕੀਤਾ ਗਿਆ l ਦੂਜੇ ਪਾਸੇ ਟੈਂਡਰ ਨਿਯਮਾਂ ਦੀ ਗੱਲ ਕਰੀਏ ਤਾਂ 2022 ’ਚ 27.17 ਕਰੋੜ ਰੁਪਏ ਦੀ ਲਾਗਤ ਦੇ ਕੂੜੇ ਦੇ ਨਿਪਟਾਰੇ ਦੇ ਉਕਤ ਪ੍ਰੋਜੈਕਟ ਦੀ ਮਿਆਦ ਦਾ ਸਮਾਂ 2 ਸਾਲ ਦਾ ਸੀ। ਇਸ ਦੌਰਾਨ ਠੇਕੇਦਾਰ ਕੰਪਨੀ ਸਾਗਰ ਮੋਟਰ ਨੂੰ ਪਲਾਂਟ ਦੀ ਸਮਰੱਥਾ ਅਨੁਸਾਰ ਰੋਜ਼ਾਨਾ 1800 ਟਨ ਪੁਰਾਣੇ ਕੂੜੇ ਦਾ ਨਿਪਟਾਰਾ ਕਰਦੇ ਹੋਏ 3 ਜਨਵਰੀ, 2024 ਤੱਕ 5 ਲੱਖ ਮੀਟ੍ਰਿਕ ਟਨ ਕੂੜੇ ਦਾ ਨਿਪਟਾਰਾ ਕਰਨ ਲਈ ਪ੍ਰਬੰਧ ਕਰਨੇ ਸਨ ਪਰ ਸਮਾਂ ਬੀਤਣ ਤੋਂ ਬਾਅਦ ਵੀ ਨਗਰ ਨਿਗਮ ਦੇ ਰਿਕਾਰਡ ਅਨੁਸਾਰ ਹੁਣ ਤੱਕ ਸਿਰਫ 4.60 ਲੱਖ ਮੀਟ੍ਰਿਕ ਟਨ ਕੂੜੇ ਦਾ ਨਿਪਟਾਰਾ ਹੀ ਕੀਤਾ ਗਿਆ ਹੈ। ਇਸ ’ਚੋਂ ਕੰਪਨੀ ਵੱਲੋਂ ਅਜੇ .40 ਲੱਖ ਮੀਟ੍ਰਿਕ ਟਨ ਕੂੜੇ ਦਾ ਨਿਪਟਾਰਾ ਕਰਨਾ ਬਾਕੀ ਹੈ, ਜਿਸ ਤੋਂ ਬਾਅਦ ਨਗਰ ਨਿਗਮ ਨੇ 1 ਸਾਲ ਪਹਿਲਾਂ ਨਵੇਂ ਟੈਂਡਰ ਜਾਰੀ ਕੀਤੇ ਸਨ, ਜਿਨ੍ਹਾਂ ’ਚੋਂ ਇੱਕ ਵਿੱਚ 19 ਲੱਖ ਮੀਟ੍ਰਿਕ ਟਨ ਤਾਜਪੁਰ ਰੋਡ ਡੰਪ ਤੇ 2.50 ਲੱਖ ਮੀਟ੍ਰਿਕ ਟਨ ਜੈਨਪੁਰ ਡੰਪ ਤੋਂ ਪੁਰਾਣੇ ਕੂੜੇ ਦਾ ਨਿਪਟਾਰਾ ਕੀਤਾ ਜਾਣਾ ਸ਼ਾਮਲ ਹੈ। ਦਿਲਚਸਪ ਗੱਲ ਇਹ ਹੈ ਕਿ 19 ਲੱਖ ਮੀਟ੍ਰਿਕ ਟਨ ਦਾ ਨਵਾਂ ਠੇਕਾ ਉਸੇ ਕੰਪਨੀ ਸਾਗਰ ਮੋਟਰ ਨੂੰ ਦਿੱਤਾ ਗਿਆ, ਜੋ ਸ਼ੁਰੂਆਤੀ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ’ਚ ਅਸਫਲ ਰਹੀ, ਜਿਸ ਨਾਲ ਕੂੜੇ ਦੇ ਨਿਪਟਾਰੇ ਲਈ ਨਗਰ ਨਿਗਮ ਦੀ ਠੇਕੇਦਾਰ ਕੰਪਨੀ ਦੀ ਚੋਣ ਪ੍ਰਕਿਰਿਆ ਤੇ ਪ੍ਰੋਜੈਕਟ ਨਿਗਰਾਨੀ ’ਤੇ ਸਵਾਲ ਖੜ੍ਹੇ ਹੋਏ ਹਨ। ਬਾਕਸ-- ਨਗਰ ਨਿਗਮ ਅਧਿਕਾਰੀਆਂ ਤੇ ਠੇਕੇਦਾਰ ’ਚ ਗੰਢਤੁੱਪ ਕਾਰਨ ਸਰਕਾਰ ਦਾ ਹੋ ਰਿਹਾ ਖ਼ਰਾਬ : ਵਾਤਾਵਰਣ ਪ੍ਰੇਮੀ ਉਕਤ ਮਾਮਲੇ ਸਬੰਧੀ ਆਪਣੀ ਪ੍ਰਤਿਕ੍ਰਿਆ ਦਿੰਦੇ ਵਾਤਾਵਰਣ ਪ੍ਰੇਮੀ ਤੇ ਪੀਏਸੀ ਆਗੂ ਕਰਨਲ ਸੀਐਮ ਲੱਖਨਪਾਲ ਨੇ ਕਿਹਾ ਕਿ ਪੁਰਾਣੇ ਕੂੜੇ ਦੇ ਨਿਪਟਾਰੇ ਦਾ ਕੰਮ ਸ਼ੁਰੂ ਕਰਨ ’ਚ ਅਸਫਲ ਰਹੇ ਠੇਕੇਦਾਰ ਸਾਗਰ ਮੋਟਰ ਨੂੰ ਨਗਰ ਨਿਗਮ ਵੱਲੋਂ ਬਲੈਕ ਲਿਸਟ ਕਰਨਾ ਚਾਹੀਦਾ ਸੀ ਪਰ ਨਗਰ ਨਿਗਮ ਵੱਲੋਂ ਉਸ ਨੂੰ ਦਬਾਰਾ 4 ਵੱਧ ਕੂੜੇ ਦੇ ਨਿਪਟਾਰੇ ਦਾ ਕੰਮ ਦੇ ਦਿੱਤਾ ਗਿਆ, ਜੋ ਪਹਿਲਾ ਤੋਂ ਮਿਲੇ ਕੰਮ ਨੂੰ ਪੂਰਾ ਕਰਨ ’ਚ ਅਸਫਲ ਰਹੇ ਉਕਤ ਠੇਕੇਦਾਰ ਨੂੰ ਦੁਬਾਰਾ ਟੈਂਡਰ ਦੇਣਾ ਠੇਕੇਦਾਰ ਤੇ ਨਗਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗਾਂ ਦਾ ਇਹ ਵਤੀਰਾ ਅਯੋਗਤਾ ਤੇ ਭਰਿਸ਼ਟਾਚਾਰ ਨੂੰ ਉਤਸ਼ਾਹ ਦੇ ਰਿਹਾ ਹੈ। ਇਸ ਨਾਲ ਸਰਕਾਰ ਦਾ ਪੈਸਾ ਤੇ ਅਕਸ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਕਤ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਨੂੰ ਪੁਰਾਣੇ ਕੂੜੇ ਨੂੰ ਟ੍ਰੀਟ ਕਰਨ ਦਾ ਟੈਂਡਰ ਕਿਸੇ ਹੋਰ ਕਾਬਲ ਕੰਪਨੀ ਨੂੰ ਦੇਣ ਦੇ ਹੁਕਮ ਜਾਰੀ ਕਰੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ 2 ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਵਿਭਾਗਾਂ ਦਾ ਇਹ ਵਤੀਰਾ ਅਯੋਗਤਾ ਤੇ ਭਰਿਸ਼ਟਾਚਾਰ ਨੂੰ ਉਤਸ਼ਾਹ ਦੇ ਰਿਹਾ ਹੈ। ਉਧਰ ਪੁਰਾਣੇ ਕੂੜੇ ਦੇ ਨਿਪਟਾਰੇ ਦਾ ਬਕਾਇਆ ਕੰਮ ਤੇ ਨਵਾਂ ਕੰਮ ਸ਼ੁਰੂ ਨਾ ਹੋਣ ਤੇ ਨਗਰ ਨਿਗਮ ਦੇ ਅਧਿਕਾਰੀ ਕੁਝ ਵੀ ਕਹਿਣ ਤੋਂ ਕਤਰਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਵੱਲੋਂ ਲੱਖਾਂ ਟਨ ਪੁਰਾਣੇ ਕੂੜੇ ਦੇ ਨਿਪਟਾਰੇ ਲਈ ਕੀ ਪ੍ਰਬੰਧ ਕੀਤਾ ਜਾਂਦਾ ਹੈ।