ਦੂਜੇ ਪਾਸੇ, ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪਾਵਰਕਾਮ ਅਤੇ ਟ੍ਰਾਂਸਕੋ ਕੰਟਰੈਕਟ ਵਰਕਰ ਯੂਨੀਅਨਾਂ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਕਰਨ ਨਾਲ ਕਰਮਚਾਰੀਆਂ ਵਿੱਚ ਨਾਰਾਜ਼ਗੀ ਵਧ ਗਈ ਹੈ। ਯੂਨੀਅਨ ਪ੍ਰਧਾਨ ਬਲਿਹਾਰ ਸਿੰਘ ਨੇ 30 ਅਪ੍ਰੈਲ ਦੁਪਹਿਰ 12 ਵਜੇ ਤੋਂ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਪ੍ਰਿੰਸ ਸ਼ਰਮਾ,ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਵਿੱਚ ਠੇਕਾ ਬਿਜਲੀ ਕਰਮਚਾਰੀਆਂ ਵੱਲੋਂ ਐਲਾਨੀ ਮੁਕੰਮਲ ਹੜਤਾਲ ਦਾ ਸਿੱਧਾ ਅਸਰ ਹੁਣ ਉਦਯੋਗਿਕ ਸ਼ਹਿਰ ਲੁਧਿਆਣਾ ‘ਚ ਸਪੱਸ਼ਟ ਤੌਰ ‘ਤੇ ਵੇਖਣ ਨੂੰ ਮਿਲਣ ਲੱਗਾ ਹੈ। ਦੁਪਹਿਰ 12 ਵਜੇ ਤੋਂ ਬਾਅਦ ਬਿਜਲੀ ਸਪਲਾਈ ਪ੍ਰਣਾਲੀ ਵਿੱਚ ਆਉਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਖਰਾਬੀਆਂ ਦੀ ਮੁਰੰਮਤ ਵਿੱਚ ਕਾਫ਼ੀ ਦੇਰੀ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਘਰੇਲੂ ਉਪਭੋਗਤਾਵਾਂ ਤੋਂ ਇਲਾਵਾ ਵਪਾਰਕ ਅਤੇ ਉਦਯੋਗਿਕ ਇਕਾਈਆਂ ਵੀ ਪ੍ਰਭਾਵਿਤ ਹੋਣਗੀਆਂ।
ਜਾਣਕਾਰੀ ਅਨੁਸਾਰ, ਪੀਐਸਪੀਸੀਐਲ ਚ ਬਿਜਲੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿੰਮੇਵਾਰ ਠੇਕਾ ਸਟਾਫ ਹੜਤਾਲ ‘ਤੇ ਚਲਾ ਗਿਆ ਹੈ। ਇਸਦੇ ਨਾਲ ਹੀ ਤਕਨੀਕੀ ਕਰਮਚਾਰੀ ਪਹਿਲਾਂ ਹੀ “ਵਰਕ-ਟੂ-ਰੂਲ” ਤਹਿਤ ਸੀਮਿਤ ਡਿਊਟੀ ਕਰ ਰਹੇ ਹਨ, ਜਿਸ ਕਾਰਨ ਸਪਲਾਈ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਠੀਕ ਕਰਨ ਵਿੱਚ ਸਮਾਂ ਵੱਧ ਲੱਗਣਾ ਲਾਜ਼ਮੀ ਹੈ।
ਘਰੇਲੂ ਜੀਵਨ ‘ਤੇ ਅਸਰ
ਲੁਧਿਆਣਾ ਦੇ ਰਹਾਇਸ਼ੀ ਇਲਾਕਿਆਂ ਵਿੱਚ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਲੰਬੇ ਸਮੇਂ ਤੱਕ ਬਿਜਲੀ ਬਹਾਲ ਨਾ ਹੋਣ ਕਾਰਨ ਲੋਕਾਂ ਨੂੰ ਗਰਮੀ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਸ ਕਰਕੇ ਪੇਂਡੂ ਅਤੇ ਆਊਟਰ ਇਲਾਕਿਆਂ ਵਿੱਚ ਟ੍ਰਾਂਸਫਾਰਮਰ ਖਰਾਬ ਹੋਣ ਦੀ ਸੂਰਤ ਵਿੱਚ ਕਈ ਦਿਨਾਂ ਲਈ ਸਪਲਾਈ ਬੰਦ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਉਦਯੋਗ ਤੇ ਵਪਾਰ ‘ਤੇ ਝਟਕਾ
ਲੁਧਿਆਣਾ ਦੇ ਹੌਜ਼ਰੀ, ਸਾਈਕਲ, ਲੋਹਾ ਅਤੇ ਛੋਟੇ-ਮੱਧਮ ਉਦਯੋਗ ਬਿਜਲੀ ਸਪਲਾਈ ‘ਤੇ ਨਿਰਭਰ ਹਨ। ਬਿਜਲੀ ਵਿੱਚ ਆਉਣ ਵਾਲੇ ਵਾਰ-ਵਾਰ ਵਿਘਨਾਂ ਅਤੇ ਮੁਰੰਮਤ ਵਿੱਚ ਦੇਰੀ ਕਾਰਨ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ। ਕਈ ਛੋਟੇ ਉਦਯੋਗਪਤੀ ਜਨਰੇਟਰਾਂ ‘ਤੇ ਨਿਰਭਰ ਹੋਣ ਲਈ ਮਜਬੂਰ ਹੋਣਗੇ, ਜਿਸ ਨਾਲ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋਵੇਗਾ। ਵਪਾਰਕ ਸਥਾਨਾਂ ਜਿਵੇਂ ਦੁਕਾਨਾਂ, ਮਾਲਾਂ ਅਤੇ ਸਰਵਿਸ ਸੈਕਟਰ ਨੂੰ ਵੀ ਇਸਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਮੀਟਿੰਗ ਮੁਲਤਵੀ ਹੋਣ ਨਾਲ ਵਧਿਆ ਰੋਸ
ਦੂਜੇ ਪਾਸੇ, ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪਾਵਰਕਾਮ ਅਤੇ ਟ੍ਰਾਂਸਕੋ ਕੰਟਰੈਕਟ ਵਰਕਰ ਯੂਨੀਅਨਾਂ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਕਰਨ ਨਾਲ ਕਰਮਚਾਰੀਆਂ ਵਿੱਚ ਨਾਰਾਜ਼ਗੀ ਵਧ ਗਈ ਹੈ। ਯੂਨੀਅਨ ਪ੍ਰਧਾਨ ਬਲਿਹਾਰ ਸਿੰਘ ਨੇ 30 ਅਪ੍ਰੈਲ ਦੁਪਹਿਰ 12 ਵਜੇ ਤੋਂ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਹੜਤਾਲ ਲੰਬੀ ਚੱਲੀ ਤਾਂ ਲੁਧਿਆਣਾ ਸਮੇਤ ਸੂਬੇ ਦੇ ਵੱਡੇ ਹਿੱਸੇ ਵਿੱਚ ਬਿਜਲੀ ਸਪਲਾਈ ਪ੍ਰਣਾਲੀ ‘ਤੇ ਵੱਡਾ ਦਬਾਅ ਪੈ ਸਕਦਾ ਹੈ ਅਤੇ ਲੋਕਾਂ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ