ਲੁਧਿਆਣਾ ’ਚ 24 ਘੰਟਿਆਂ ਬਾਅਦ ਮੁੱਕੀ ਈਡੀ ਦੀ ਕਾਰਵਾਈ, ਕਾਰੋਬਾਰੀ ਜਤਿੰਦਰ ਸਚਦੇਵਾ ਉਰਫ਼ ਹੀਰਾ ਦੇ ਵਿੱਤੀ ਲੈਣ-ਦੇਣ ਜਾਂਚ ਦੇ ਘੇਰੇ ’ਚ
ਸੂਤਰਾਂ ਅਨੁਸਾਰ ਜਾਂਚ ਦਾ ਕੇਂਦਰ ਕੁਝ ਵਿੱਤੀ ਲੈਣ-ਦੇਣ ਅਤੇ ਕਾਰੋਬਾਰੀ ਸਮਝੌਤੇ ਰਹੇ। ਹਾਲਾਂਕਿ ਈਡੀ ਵੱਲੋਂ ਅਧਿਕਾਰਿਕ ਤੌਰ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਕਾਰਵਾਈ ਦੌਰਾਨ ਘਰ ਅੰਦਰ ਮੌਜੂਦ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਕਈ ਪੱਖਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ।
Publish Date: Fri, 15 May 2026 08:53 AM (IST)
Updated Date: Fri, 15 May 2026 08:56 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਲੁਧਿਆਣਾ ਵਿੱਚ ਕਾਰੋਬਾਰੀ ਜਤਿੰਦਰ ਸਚਦੇਵਾ ਉਰਫ਼ ਹੀਰਾ ਦੇ ਟਿਕਾਣਿਆਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਕਰੀਬ 24 ਘੰਟਿਆਂ ਬਾਅਦ ਵੀਰਵਾਰ ਸਵੇਰੇ ਸਮਾਪਤ ਹੋ ਗਈ। ਆਰਕੇ ਰੋਡ ਸਥਿਤ ਦਫ਼ਤਰ ਅਤੇ ਗ੍ਰੀਨ ਸਿਟੀ ਸਥਿਤ ਰਿਹਾਇਸ਼ ’ਤੇ ਚੱਲੀ ਕਾਰਵਾਈ ਦੌਰਾਨ ਈਡੀ ਅਧਿਕਾਰੀਆਂ ਨੇ ਵਿੱਤੀ ਲੈਣ-ਦੇਣ ਅਤੇ ਕਾਰੋਬਾਰੀ ਦਸਤਾਵੇਜ਼ਾਂ ਦੀ ਗਹਿਰਾਈ ਨਾਲ ਜਾਂਚ ਕੀਤੀ। ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਟੀਮ ਜਲੰਧਰ ਸਥਿਤ ਦਫ਼ਤਰ ਲਈ ਰਵਾਨਾ ਹੋ ਗਈ।
ਸੂਤਰਾਂ ਅਨੁਸਾਰ ਜਾਂਚ ਦਾ ਕੇਂਦਰ ਕੁਝ ਵਿੱਤੀ ਲੈਣ-ਦੇਣ ਅਤੇ ਕਾਰੋਬਾਰੀ ਸਮਝੌਤੇ ਰਹੇ। ਹਾਲਾਂਕਿ ਈਡੀ ਵੱਲੋਂ ਅਧਿਕਾਰਿਕ ਤੌਰ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਕਾਰਵਾਈ ਦੌਰਾਨ ਘਰ ਅੰਦਰ ਮੌਜੂਦ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਕਈ ਪੱਖਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵੀ ਕਾਫ਼ੀ ਸਖ਼ਤ ਰਹੇ।
ਸੂਤਰਾਂ ਮੁਤਾਬਕ ਈਡੀ ਹੁਣ ਵਿੱਤੀ ਲੈਣ-ਦੇਣ ਦੀ ਲੜੀ ਅਤੇ ਸੰਬੰਧਤ ਧਿਰਾਂ ਵਿਚਾਲੇ ਹੋਏ ਸਮਝੌਤਿਆਂ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਕੀਤਾ : ਜਤਿੰਦਰ ਸਚਦੇਵਾ
ਕਾਰੋਬਾਰੀ ਜਤਿੰਦਰ ਸਚਦੇਵਾ ਨੇ ਕਿਹਾ ਕਿ ਇਹ ਜਾਂਚ ਨਾਰਥ-ਵੈਸਟ ਗਰੁੱਪ ਨਾਲ ਹੋਏ ਲੈਣ-ਦੇਣ ਸਬੰਧੀ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਉਨ੍ਹਾਂ ਨੇ ਬੰਗਲਾ ਖਰੀਦਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਈਡੀ ਨੇ ਨਾ ਕੋਈ ਦਸਤਾਵੇਜ਼, ਨਾ ਨਕਦੀ ਅਤੇ ਨਾ ਹੀ ਕੋਈ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤਾ ਹੈ। ਸਚਦੇਵਾ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਕਾਰੋਬਾਰ ਬਾਰੇ ਭਰਮ ਫੈਲਾ ਰਹੇ ਹਨ, ਜਦਕਿ ਉਹ ਸ਼ਹਿਰ ਦੇ ਪੁਰਾਣੇ ਕਾਰੋਬਾਰੀਆਂ ਵਿੱਚ ਸ਼ਾਮਲ ਹਨ ਅਤੇ ਗਾਰਮੈਂਟ ਇਕਾਈ ਸਮੇਤ ਕਈ ਕਾਰੋਬਾਰ ਚਲਾ ਰਹੇ ਹਨ।